ਲਾਲ ਕਿਲੇ ''ਤੇ ਭਾਸ਼ਣ ਦੌਰਾਨ PM ਮੋਦੀ ਨੂੰ ਆਈ ਬੱਚਿਆਂ ਦੀ ਯਾਦ, ਬੋਲੇ- ਅੱਜ ਬੱਚੇ ਨਹੀਂ ਆ ਸਕੇ
Saturday, Aug 15, 2020 - 12:46 PM (IST)
ਨਵੀਂ ਦਿੱਲੀ- ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਸਵੇਰੇ 7.30 ਵਜੇ ਤਿਰੰਗਾ ਲਹਿਰਾਇਆ। ਝੰਡਾ ਲਹਿਰਾਉਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਛੋਟੇ-ਛੋਟੇ ਬੱਚਿਆਂ ਦੀ ਯਾਦ ਆ ਗਈ, ਜੋ ਹਰ ਸਾਲ ਉਨ੍ਹਾਂ ਦੇ ਸਾਹਮਣੇ ਲਾਈਨ 'ਚ ਬੈਠੇ ਹੁੰਦੇ ਸਨ। ਦੱਸਣਯੋਗ ਹੈ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਇਹ ਬੱਚੇ ਸ਼ਾਮਲ ਨਹੀਂ ਹੋ ਸਕੇ ਹਨ ਅਤੇ ਪੂਰੇ ਪ੍ਰੋਗਰਾਮ 'ਚ ਸੀਮਿਤ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ,''ਆਜ਼ਾਦੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਅੱਜ ਛੋਟੇ-ਛੋਟੇ ਬੱਚੇ ਮੇਰੇ ਸਾਹਮਣੇ ਨਜ਼ਰ ਨਹੀਂ ਆ ਰਹੇ ਹਨ। ਭਾਰਤ ਦੇ ਉੱਜਵਲ ਭਵਿੱਖ ਨੂੰ ਕੋਰੋਨਾ ਨੇ ਰੋਕਿਆ ਹੋਇਆ ਹੈ।'' ਲਾਲ ਕਿਲੇ 'ਤੇ ਪੀ.ਐੱਮ. ਨੇ ਜਿਵੇਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ, ਉਨ੍ਹਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਯਾਦ ਕੀਤਾ ਅਤੇ ਕਿਹਾ,''ਅੱਜ ਬੱਚੇ ਨਹੀਂ ਆ ਸਕੇ।'' ਉਨ੍ਹਾਂ ਦੀ ਗੱਲ ਤੋਂ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਉਹ ਬੱਚਿਆਂ ਨੂੰ ਕਿੰਨਾ ਯਾਦ ਕਰ ਰਹੇ ਸਨ। ਦਰਅਸਲ ਹਰ ਸਾਲ ਵੱਡੀ ਗਿਣਤੀ 'ਚ ਬੱਚੇ ਲਾਲ ਕਿਲੇ 'ਤੇ ਪ੍ਰੋਗਰਾਮ 'ਚ ਹਿੱਸਾ ਲੈਂਦੇ ਹਨ। ਵੱਖ-ਵੱਖ ਸਕੂਲਾਂ ਤੋਂ ਆਏ ਬੱਚੇ ਤਿਰੰਗੇ ਵਾਲੇ ਕੱਪੜਿਆਂ 'ਚ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਝਲਕ ਦਿਖਾਉਂਦੇ ਹਨ। ਹਰ ਸਾਲ ਪੀ.ਐੱਮ. ਇਨ੍ਹਾਂ ਬੱਚਿਆਂ ਨਾਲ ਖਾਸ ਜੋਸ਼ ਨਾਲ ਮਿਲਦੇ ਵੀ ਹਨ। ਇਸ ਸਾਲ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਆਮ ਜਨਤਾ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਈ ਹੈ।