ਇਸ ਸੂਬੇ 'ਚ ਮੀਂਹ ਦਾ 'ਰੈੱਡ ਅਲਰਟ' ਜਾਰੀ, ਕਈ ਇਲਾਕੇ ਪ੍ਰਭਾਵਿਤ
Wednesday, Jul 17, 2024 - 06:42 PM (IST)
ਬੇਂਗਲੁਰੂ/ਸਿਰਸੀ : ਸਰਗਰਮ ਮਾਨਸੂਨ ਅਤੇ ਦੱਖਣੀ ਸੂਬਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ, ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਤੱਟਵਰਤੀ ਕਰਨਾਟਕ ਲਈ 'ਰੈੱਡ ਅਲਰਟ' ਦੀ ਮਿਆਦ 18 ਜੁਲਾਈ ਤੱਕ ਵਧਾ ਦਿੱਤੀ ਹੈ। ਹਾਲਾਂਕਿਦੱਖਣੀ ਅੰਦਰੂਨੀ ਕਰਨਾਟਕ ਵਿਚ ਮੀਂਹ ਦੀ ਤੀਬਰਤਾ ਘੱਟ ਗਈ ਹੈ। ਇਸ ਦੇ ਮੱਦੇਨਜ਼ਰ ਆਈਐੱਮਡੀ ਨੇ ਇਸ ਖੇਤਰ ਲਈ ਪਹਿਲਾਂ ਜਾਰੀ 'ਰੈੱਡ ਅਲਰਟ' ਨੂੰ ਵਾਪਸ ਲੈ ਲਿਆ ਹੈ ਪਰ 20 ਜੁਲਾਈ ਤੱਕ 'ਆਰੇਂਜ ਅਲਰਟ' ਜਾਰੀ ਕਰ ਦਿੱਤਾ ਹੈ।
ਤੱਟਵਰਤੀ ਕਰਨਾਟਕ ਵਿਚ ਵੀ 19 ਜੁਲਾਈ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਫਿਲਹਾਲ ਮੀਂਹ ਦੀ ਤੀਬਰਤਾ 'ਓਰੇਂਜ' ਸ਼੍ਰੇਣੀ 'ਚ ਹੋਵੇਗੀ। ਇਸ ਦੌਰਾਨ ਉੱਤਰਾ ਕੰਨੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਲਕਸ਼ਮੀਪ੍ਰਿਆ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਜ਼ਿਲ੍ਹੇ ਵਿੱਚ 16 ਜੁਲਾਈ ਦੀ ਸ਼ਾਮ ਤੱਕ 26 ਰਾਹਤ ਕੈਂਪ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਕਾਰਵਾਰ ਤਾਲੁਕਾ ਵਿੱਚ ਛੇ, ਕੁਮਟਾ ਤਾਲੁਕਾ ਵਿੱਚ ਛੇ ਅਤੇ ਹੋਨਾਵਰ ਤਾਲੁਕਾ ਵਿੱਚ 14 ਰਾਹਤ ਕੈਂਪ ਸ਼ਾਮਲ ਹਨ। ਇਨ੍ਹਾਂ ਵਿੱਚੋਂ 2,368 ਲੋਕਾਂ ਨੇ ਸ਼ਰਨ ਲਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਤਿੰਨ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਦਕਿ ਇਕ ਘਰ ਨੂੰ ਵਧੇਰੇ ਨੁਕਸਾਨ ਪਹੁੰਚਿਆ ਅਤੇ 18 ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਨੁਸਾਰ ਕਾਰਵਾਰ ਤਾਲੁਕਾ ਵਿੱਚ ਇੱਕ ਮਕਾਨ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਚਿੱਕਮਗਲੁਰੂ ਅਤੇ ਹਾਸਨ ਜ਼ਿਲ੍ਹੇ ਵੀ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸ਼੍ਰਿੰਗੇਰੀ ਵਿਚ ਪਾਰਕਿੰਗ ਏਰੀਆ ਅਤੇ ਸ਼੍ਰਿੰਗੇਰੀ ਮੰਦਰ ਨੂੰ ਜਾਣ ਵਾਲੀਆਂ ਸੜਕਾਂ ਅਜੇ ਵੀ ਪਾਣੀ ਵਿਚ ਡੁੱਬੀਆਂ ਹੋਈਆਂ ਹਨ, ਜਿਸ ਕਾਰਨ ਸ਼ਰਧਾਲੂਆਂ ਦਾ ਮੰਦਰ ਵਿਚ ਆਉਣਾ ਅਸੰਭਵ ਹੈ।
ਹਾਸਨ ਜ਼ਿਲ੍ਹੇ ਦੇ ਸਕਲੇਸ਼ਪੁਰਾ ਤਾਲੁਕਾ ਦੇ ਮਾਵੀਨੂਰ ਅਤੇ ਕਾਗਿਨੇਰੇ ਵਰਗੇ ਕਈ ਪਿੰਡਾਂ 'ਚ ਮੀਂਹ ਕਾਰਨ ਬਿਜਲੀ ਸਪਲਾਈ ਅਜੇ ਵੀ ਪ੍ਰਭਾਵਿਤ ਹੈ। ਸਕਲੇਸ਼ਪੁਰਾ ਦੀ ਉਪਮੰਡਲ ਅਧਿਕਾਰੀ ਸ਼ਰੂਤੀ ਨੇ ਦੱਸਿਆ ਕਿ ਇਸ ਖੇਤਰ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਲਗਾਤਾਰ ਵਾਪਰ ਰਹੀਆਂ ਹਨ ਅਤੇ ਸਕਲੇਸ਼ਪੁਰਾ ਅਤੇ ਮਰਨਹੱਲੀ ਵਿਚਕਾਰ ਰਾਸ਼ਟਰੀ ਰਾਜਮਾਰਗ 75 ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।