ਅਯੁੱਧਿਆ ''ਚ ਭੂਮੀ ਪੂਜਨ ਲਈ ਤਿਆਰ ਕੀਤੇ ਜਾ ਰਹੇ ਇਕ ਲੱਖ 11 ਹਜ਼ਾਰ ਲੱਡੂ
Friday, Jul 31, 2020 - 02:11 PM (IST)
ਅਯੁੱਧਿਆ- ਅਯੁੱਧਿਆ 'ਚ 5 ਅਗਸਤ ਨੂੰ ਰਾਮ ਮੰਦਰ ਨਿਰਮਆਣ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਜਾਣ ਵਾਲੇ ਭੂਮੀ ਪੂਜਨ ਤੋਂ ਬਾਅਦ ਪ੍ਰਸਾਦ ਦੇ ਰੂਪ 'ਚ ਲੱਡੂ ਵੰਡਿਆ ਜਾਵੇਗਾ। ਭੂਮੀ ਪੂਜਨ ਲਈ ਮਣੀਰਾਮ ਦਾਸ ਛਾਉਣੀ 'ਚ ਇਕ ਲੱਖ 11 ਹਜ਼ਾਰ ਲੱਡੂ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ 11 ਥਾਲੀਆਂ 'ਚ ਸਜਾ ਕੇ ਰਾਮਲਲਾ ਨੂੰ ਭੋਗ ਲਗਾਇਆ ਜਾਵੇਗਾ। ਭੂਮੀ ਪੂਜਨ ਦੇ ਦਿਨ ਇਹ ਲੱਡੂ ਅਯੁੱਧਿਆ ਧਾਮ ਅਤੇ ਤੀਰਥ ਸਥਾਨਾਂ 'ਚ ਵੰਡੇ ਜਾਣਗੇ। ਅਯੁੱਧਿਆ 'ਚ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਇੱਥੇ ਭੂਮੀ ਪੂਜਨ ਕਰ ਕੇ ਰਾਮ ਮੰਦਰ ਲਈ ਨੀਂਹ ਪੱਥਰ ਰੱਖਣਗੇ।
ਇਸ ਲਈ ਕੇਂਦਰੀ ਮੰਤਰੀਆਂ ਅਤੇ ਅਫ਼ਸਰਾਂ ਦਾ ਨਗਰ 'ਚ ਆਉਣਾ-ਜਾਣਾ ਜਾਰੀ ਹੈ। ਸ਼ੁੱਕਰਵਾਰ ਸਵੇਰੇ ਕੇਂਦਰੀ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਅਯੁੱਧਿਆ ਪਹੁੰਚੇ ਅਤੇ ਹਨੂੰਮਾਨਗੜ੍ਹੀ ਦਾ ਦਰਸ਼ਨ ਕਰਨ ਤੋਂ ਬਾਅਦ ਸ਼੍ਰੀ ਰਾਮ ਜਨਮਭੂਮੀ ਵੇਹੜੇ 'ਚ ਰਾਮਲਲਾ ਦੇ ਦਰਸ਼ਨ ਕੀਤੇ। ਸ਼੍ਰੀ ਪਟੇਲ ਪ੍ਰਦੇਸ਼ ਨਾਲ ਉੱਤਰ ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਨੀਲਕੰਠ ਤਿਵਾੜੀ ਵੀ ਸਨ। ਦਰਸ਼ਨ-ਪੂਜਨ ਕਰਨ ਤੋਂ ਬਾਅਦ ਦੋਵੇਂ ਕਾਰਸੇਵਕਪੁਰਮ ਪਹੁੰਚੇ ਅਤੇ ਉੱਥੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੋਂ ਅਯੁੱਧਿਆ 'ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਸ਼ੁੱਕਰਵਾਰ ਸਵੇਰੇ ਹੀ ਰਾਜ ਦੇ ਸੀਨੀਅਰ ਅਧਿਕਾਰੀ ਵੀ ਇੱਥੇ ਆਏ ਅਤੇ ਸਾਕੇਤ ਯੂਨੀਵਰਸਿਟੀ 'ਚ ਬਣ ਰਹੇ ਹੈਲੀਪੈਡ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੋਣ ਕਾਰਨ ਅਯੁੱਧਿਆ ਅਤੇ ਨੇੜਲੇ 9 ਜ਼ਿਲ੍ਹਿਆਂ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਅਧਿਕਾਰੀ ਲਗਾਤਾਰ ਭੂਮੀ ਪੂਜਨ ਦੀਆਂ ਤਿਆਰੀਆਂ ਨਾਲ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈ ਰਹੇ ਹਨ।