ਪਹਿਲਵਾਨਾਂ ਦਾ ਵਿਰੋਧ ਪ੍ਰਦਰਸ਼ਨ : ਰਾਕੇਸ਼ ਟਿਕੈਤ ਨੇ ਟਵੀਟ ਕਰ ਪੁਲਸ ਤੋਂ ਕੀਤੀ ਇਹ ਖ਼ਾਸ ਮੰਗ
Thursday, May 04, 2023 - 12:16 PM (IST)
ਨਵੀਂ ਦਿੱਲੀ (ਭਾਸ਼ਾ)- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਦਿੱਲੀ ਪੁਲਸ ਤੋਂ ਜੰਤਰ-ਮੰਤਰ 'ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨਾ ਸਥਾਨ ਤੋਂ ਹਿਰਾਸਤ 'ਚ ਲਏ ਗਏ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਨੇ ਇਹ ਵੀ ਦੋਸ਼ ਲਗਾਇਆ ਕਿ ਪਹਿਲਵਾਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਕੇਂਦਰ ਦੇ ਇਸ਼ਾਰੇ 'ਤੇ ਦਿੱਲੀ ਪੁਲਸ ਨੇ ਹਿਰਾਸਤ 'ਚ ਲਿਆ ਹੈ। ਟਿਕੈਤ ਨੇ ਹਿੰਦੀ 'ਚ ਟਵੀਟ ਕੀਤਾ,''ਪਹਿਲਵਾਨਾਂ, ਕਿਸਾਨਾਂ, ਪੱਤਰਕਾਰਾਂ ਦਾ ਸਮਰਥਨ ਕਰਨ ਲਈ ਗਏ ਨੌਜਵਾਨਾਂ ਨੂੰ ਦਿੱਲੀ ਪੁਲਸ ਵਲੋਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤੀ ਗਈ ਗ੍ਰਿਫ਼ਤਾਰੀ ਦੇਸ਼ 'ਚ ਇਕ ਨਵੀਂ ਕ੍ਰਾਂਤੀ ਦਾ ਲਿਆਏਗੀ। ਦਿੱਲੀ ਪੁਲਸ ਗ੍ਰਿਫ਼ਤਾਰ ਲੋਕਾਂ ਨੂੰ ਤੁਰੰਤ ਰਿਹਾਅ ਕਰੇ।''
ਇਸ ਤੋਂ ਪਹਿਲਾਂ ਕਿਸਾਨ ਆਗੂ ਨੇ 23 ਅਪ੍ਰੈਲ ਤੋਂ ਰਾਸ਼ਟਰੀ ਰਾਜਧਾਨੀ 'ਚ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕੀਤਾ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸੰਬੰਧ 'ਚ ਭਾਰੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈਕੇ ਇੱਥੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਕੁਝ ਪੁਲਸ ਮੁਲਾਜ਼ਮਾਂ ਵਿਚਾਲੇ ਬੀਤੀ ਰਾਤ 'ਹੱਥੋਪਾਈ' ਹੋਈ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀਆਂ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਪਹੁੰਚੇ ਰਾਜਸਥਾਨ ਮੈਂਬਰ ਦੀਪੇਂਦਰ ਸਿੰਘ ਹੁੱਡਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ।