ਸੁਰੱਖਿਆ ਕੁਤਾਹੀ ਮੁੱਦੇ ''ਤੇ ਰਾਜ ਸਭਾ ''ਚ ਹੰਗਾਮਾ, TMC ਮੈਂਬਰ ਡੇਰੇਕ ਓਬ੍ਰਾਇਨ ਸੈਸ਼ਨ ਤੋਂ ਮੁਅੱਤਲ
Thursday, Dec 14, 2023 - 02:10 PM (IST)
ਨਵੀਂ ਦਿੱਲੀ- ਸੰਸਦ 'ਤੇ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਸੁਰੱਖਿਆ ਵਿਚ ਕੁਤਾਹੀ 'ਤੇ ਚਰਚਾ ਕਰਾਉਣ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਰਾਜ ਸਭਾ ਵਿਚ ਨਾਅਰੇਬਾਜ਼ੀ ਅਤੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਡੇਰੇਕ ਓਬ੍ਰਾਇਨ ਨੂੰ ਗਲਤ ਵਿਵਹਾਰ ਲਈ ਮੌਜੂਦਾ ਸੰਸਦ ਸੈਸ਼ਨ ਦੇ ਬਾਕੀ ਸਮੇਂ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਸਭਾਪਤੀ ਜਗਦੀਪ ਧਨਖੜ ਨੇ ਡੇਰੇਕ ਓਬ੍ਰਾਇਨ ਦਾ ਨਾਂ ਲਿਆ ਅਤੇ ਉਨ੍ਹਾਂ ਦੀ ਮੁਅੱਤਲੀ ਦੀ ਕਾਰਵਾਈ ਸ਼ੁਰੂ ਕੀਤੀ। ਸਭਾਪਤੀ ਵਲੋਂ ਜਦੋਂ ਕਿਸੇ ਮੈਂਬਰ ਦਾ ਨਾਂ ਲਿਆ ਜਾਂਦਾ ਹੈ, ਤਾਂ ਇਸ ਦਾ ਮਤਲਬ ਮੈਂਬਰ ਦੀ ਮੁਅੱਤਲੀ ਦੀ ਕਾਰਵਾਈ ਦਾ ਸ਼ੁਰੂ ਹੋਣਾ ਹੁੰਦਾ ਹੈ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ
ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਇਸ ਸਬੰਧ ਵਿਚ ਇਕ ਮਤਾ ਪੇਸ਼ ਕੀਤਾ, ਜਿਸ ਨੂੰ ਆਵਾਜ਼ ਮਤ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਭਾਪਤੀ ਧਨਖੜ ਨੇ ਐਲਾਨ ਕੀਤਾ ਕਿ ਡੇਰੇਕ ਓਬ੍ਰਾਇਨ ਇਸ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕੀਤੇ ਜਾਂਦੇ ਹਨ। ਇਸ ਐਲਾਨ ਮਗਰੋਂ ਵਿਰੋਧੀ ਧਿਰ ਦੇ ਮੈਂਬਰ ਆਸਨ ਦੇ ਨੇੜੇ ਆ ਕੇ 'ਤਾਨਾਸ਼ਾਹੀ ਨਹੀਂ ਚੱਲੇਗੀ' ਅਤੇ 'ਡੇਰੇਕ ਓਬ੍ਰਾਇਨ ਦੀ ਮੁਅੱਤਲੀ ਨਹੀਂ ਸਹਾਂਗੇ' ਵਰਗੇ ਨਾਅਰੇ ਲੱਗੇ। ਇਕ ਵਾਰ ਤਾਂ ਡੇਰੇਕ ਓਬ੍ਰਾਇਨ ਦੇ ਵਿਵਹਾਰ ਨੂੰ ਅਨੁਸ਼ਾਸਨਹੀਨ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ ਸਦਨ ਤੋਂ ਬਾਹਰ ਚੱਲੇ ਜਾਣ ਨੂੰ ਕਿਹਾ ਗਿਆ। ਇਸ ਦੇ ਬਾਵਜੂਦ ਸਦਨ ਵਿਚ ਹੰਗਾਮਾ ਜਾਰੀ ਰਿਹਾ ਅਤੇ ਡੇਰੇਕ ਓਬ੍ਰਾਇਨ ਸਦਨ ਵਿਚ ਹੀ ਰਹੇ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ
ਦੱਸ ਦੇਈਏ ਕਿ ਸੰਸਦ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਉਸ ਸਮੇਂ ਸਾਹਮਣੇ ਆਈ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕਾਂ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ। ਨਾਅਰੇਬਾਜ਼ੀ ਕਰਨ ਲੱਗੇ ਅਤੇ ਕੇਨ ਜ਼ਰੀਏ ਪੀਲੇ ਰੰਗ ਦਾ ਧੂੰਆਂ ਫੈਲਾਅ ਦਿੱਤਾ। ਇਸ ਘਟਨਾ ਦੇ ਤੁਰੰਤ ਬਾਅਦ ਦੋਹਾਂ ਨੂੰ ਫੜ ਲਿਆ ਗਿਆ। ਇਸ ਘਟਨਾ ਦੇ ਕੁਝ ਦੇਰ ਬਾਅਦ ਹੀ ਪੀਲੇ ਅਤੇ ਲਾਲ ਰੰਗ ਦਾ ਧੂੰਆਂ ਛੱਡਣ ਵਾਲੀ ਕੇਨ ਲੈ ਕੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਇਕ ਪੁਰਸ਼ ਅਤੇ ਇਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਲੋਕਾਂ ਨੇ ਤਾਨਾਸ਼ਾਹੀ ਨਹੀਂ ਚੱਲੇਗੀ ਅਤੇ ਕੁਝ ਹੋਰ ਨਾਅਰੇ ਲਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8