ਚੀਨ-ਪਾਕਿ ਨੂੰ ਰਾਜਨਾਥ ਦੀ ਚਿਤਾਵਨੀ, ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਤਾਂ ਦਾਖਲ ਹੋ ਕੇ ਮਾਰਾਂਗੇ

Sunday, Nov 21, 2021 - 10:25 AM (IST)

ਪਿਥੌਰਾਗੜ੍ਹ  (ਭਾਸ਼ਾ)– ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਤੋਂਂ 6 ਕਿਲੋਮੀਟਰ ਅੰਦਰ 60 ਇਮਾਰਤਾਂ ਬਣਾਏ ਜਾਣ ਬਾਰੇ ਸੈਟਾਲਾਈਟ ਇਮੇਜ ਦੇ ਸਾਹਮਣੇ ਆਉਣ ਪਿੱਛੋਂ ਪਸਾਰਵਾਦੀ ਚੀਨ ਦੇ ਇਰਾਦਿਆਂਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਉਸ ਨੂੰ ਚਿਤਾਵਨੀ ਦਿੱਤੀ। ਰੱਖਿਆ ਮੰਤਰੀ ਨੇ ਉੱਤਰਾਖੰਡ ’ਚ ਪਿਥੌਰਾਗੜ੍ਹ ਦੇ ਝੋਲਖੇਤ ਮੂਨਾਕੋਟ ਵਿਖੇ ‘ਸ਼ਹੀਦ ਸਨਮਾਨ ਯਾਤਰਾ’ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਦੇ ਮੌਕੇ ’ਤੇ ਕਿਹਾ ਕਿ ਭਾਰਤ ਆਪਣੇ ਗੁਆਂਢੀਆਂਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਪਰ ਜੇ ਕਿਸੇ ਦੇਸ਼ ਨੇ ਭਾਰਤ ਦੀ ਇਕ ਇੰਚ ਜ਼ਮੀਨ ਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਕਰਾਰਾ ਜਵਾਬ ਮਿਲੇਗਾ। ਅਸੀਂ ਉਸ ਨੂੰ ਉਸਦੇ ਇਲਾਕੇ ’ਚ ਦਾਖ਼ਲ ਹੋ ਕੇ ਮਾਰਾਂਗੇ। ਭਾਰਤ ਦੇ ਗੁਆਂਢੀਆਂਂ ਨਾਲ ਚੰਗੇ ਸਬੰਧ ਰੱਖਣ ਦੀ ਸੰਸਕ੍ਰਿਤੀ ਰਹੀ ਹੈ ਪਰ ਕੁਝ ਲੋਕ ਇਸ ਨੂੰ ਨਹੀਂ ਸਮਝਦੇ। ਚੀਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਉਸ ਦੀ ਆਦਤ ਹੈ ਜਾਂ ਸੁਭਾਅ ਹੈ।

ਪਾਕਿਸਤਾਨ ਦਾ ਨਾਂ ਲੈਂਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਅੱਤਵਾਦੀ ਸਰਗਰਮੀਆਂਂ ਰਾਹੀਂ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ ਕਰਦਾ ਰਹਿੰਦਾ ਹੈ, ਇਸ ਲਈ ਅਸੀਂ ਪੱਛਮੀ ਸਰਹੱਦ ’ਤੇ ਆਪਣੇ ਗੁਆਂਢੀ ਦੇਸ਼ ਨੂੰ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਜੇ ਉਸ ਨੇ ਸਰਹੱਦ ਨੂੰ ਪਾਰ ਕੀਤਾ ਤਾਂ ਅਸੀਂ ਨਾ ਸਿਰਫ ਸਰਹੱਦਾਂ ’ਤੇ ਜਵਾਬੀ ਹਮਲਾ ਕਰਾਂਗੇ, ਸਗੋਂ ਉਸਦੇ ਇਲਾਕੇ ਅੰਦਰ ਵੀ ਚਲੇ ਜਾਵਾਂਗੇ। ਅਸੀਂ ਉਥੇ ਸਰਜੀਕਲ ਸਟਰਾਈਕ ਕਰਾਂਗੇ, ਹਵਾਈ ਹਮਲੇ ਕਰਾਂਗੇ।

ਰਾਜਨਾਥ ਨੇ ਕਿਹਾ ਕਿ ਨੇਪਾਲ ਵਿਚ ਲਿਪੁਲੇਖ ਤੋਂ ਮਾਨਸਰੋਵਰ ਤੱਕ ਸੜਕ ਸਬੰਧੀ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਚੀਨ, ਨੇਪਾਲ ਨਾਲ ਸਾਡੇ ਨੇੜਲੇ ਸੱਭਿਆਚਾਰਕ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਿਚ ਨਾਕਾਮ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸੇਵਾ ਕਰ ਰਹੇ ਅਤੇ ਸੇਵਾਮੁਕਤ ਰੱਖਿਆ ਮੁਲਾਜ਼ਮਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਿਸ਼ਨ ਮੋਡ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਰੱਖਿਆ ਮੁਲਾਜ਼ਮਾਂ ਦੇ ਕਲਿਆਣ ਲਈ ਆਪਣੇ ਮੰਤਰਾਲਾ ਵੱਲੋਂ ਚੁੱਕੇ ਗਏ ਕੁਝ ਉਪਾਵਾਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲਾ ਵੱਲੋਂ ਸਾਬਕਾ ਫੌਜੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਕ ਸਮਰਪਿਤ ਸੈੱਲ ਬਣਾਇਆ ਗਿਆ ਹੈ।


Tanu

Content Editor

Related News