ਰਾਜਨਾਥ ਨਾਲ ਬੈਠਕ ਤੋਂ ਬਾਅਦ ਚੀਨ ਦਾ ਬਿਆਨ- 'ਅਸੀਂ ਇਕ ਇੰਚ ਵੀ ਜ਼ਮੀਨ ਨਹੀਂ ਛੱਡ ਸਕਦੇ'

Saturday, Sep 05, 2020 - 12:38 PM (IST)

ਰਾਜਨਾਥ ਨਾਲ ਬੈਠਕ ਤੋਂ ਬਾਅਦ ਚੀਨ ਦਾ ਬਿਆਨ- 'ਅਸੀਂ ਇਕ ਇੰਚ ਵੀ ਜ਼ਮੀਨ ਨਹੀਂ ਛੱਡ ਸਕਦੇ'

ਨਵੀਂ ਦਿੱਲੀ— ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਦਰਮਿਆਨ ਰੂਸ 'ਚ 2 ਘੰਟੇ 20 ਮਿੰਟ ਲੰਬੀ ਗੱਲਬਾਤ ਚੱਲੀ। ਇਹ ਬੈਠਕ ਸ਼ੁੱਕਰਵਾਰ ਨੂੰ ਹੋਈ। ਇਸ ਬੈਠਕ ਦੇ ਸੰਬੰਧ 'ਚ ਚੀਨ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਮੁਤਾਬਕ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਨੇ ਕਿਹਾ ਕਿ ਸਰਹੱਦੀ ਵਿਵਾਦ ਦੇ ਚੱਲਦੇ ਭਾਰਤ ਅਤੇ ਚੀਨ ਦੇ ਸੰਬੰਧ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ। ਅਜਿਹੇ ਵਿਚ ਜ਼ਰੂਰੀ ਸੀ ਕਿ ਦੋਹਾਂ ਦੇਸ਼ਾਂ ਦੇ ਰੱਖਿਆ ਮੁਖੀ ਆਹਮਣੇ-ਸਾਹਮਣੇ ਬੈਠ ਕੇ ਖੁੱਲ੍ਹੇ ਤੌਰ 'ਤੇ ਗੱਲਬਾਤ ਕਰਨ।

ਚੀਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ-ਭਾਰਤ ਸਰਹੱਦ 'ਤੇ ਮੌਜੂਦਾ ਤਣਾਅ ਦਾ ਕਾਰਨ ਸਪੱਸ਼ਟ ਹੈ ਅਤੇ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭਾਰਤ 'ਤੇ ਹੈ। ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਆਪਣੀ ਇਕ ਇੰਚ ਜ਼ਮੀਨ ਵੀ ਨਹੀਂ ਗੁਆ ਸਕਦਾ ਹੈ। ਚੀਨ ਦੀ ਹਥਿਆਰਬੰਦ ਫੋਰਸ ਆਪਣੀ ਰਾਸ਼ਟਰੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਲਈ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹਾਲਾਂਕਿ ਵੇਈ ਫੇਂਗਹੀ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਮਹੱਤਵਪੂਰਨ ਸਹਿਮਤੀ 'ਤੇ ਪਹੁੰਚੇ ਸਨ, ਦੋਹਾਂ ਪੱਖਾਂ ਨੂੰ ਉਸ ਨੂੰ ਈਮਾਨਾਦਰੀ ਨਾਲ ਲਾਗੂ ਕਰਨਾ ਚਾਹੀਦਾ ਹੈ। ਚੀਨ ਨੇ ਕਿਹਾ ਕਿ ਸਰਹੱਦੀ ਵਿਵਾਦ ਨੂੰ ਗੱਲਬਾਤ ਅਤੇ ਸਲਾਹ-ਮਸ਼ਵਰੇ ਦੇ ਜ਼ਰੀਏ ਹੱਲ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਕਾਰ ਸ਼ੁੱਕਰਵਾਰ ਨੂੰ ਦੋ ਘੰਟੇ ਤੋਂ ਵੱਧ ਸਮੇਂ ਤੱਕ ਬੈਠਕ ਹੋਈ। ਜਿਸ ਵਿਚ ਪੂਰਬੀ ਲੱਦਾਖ ਵਿਚ ਸਰਹੱਦੀ 'ਤੇ ਤਣਾਅ ਨੂੰ ਘੱਟ ਕਰਨ 'ਤੇ ਧਿਆਨ ਕੇਂਦਰਿਤ ਰਿਹਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਲੱਦਾਖ ਵਿਚ ਮਈ 'ਚ ਸਰਹੱਦ 'ਤੇ ਹੋਏ ਤਣਾਅ ਮਗਰੋਂ ਦੋਹਾਂ ਦੇਸ਼ਾਂ ਵਲੋਂ ਇਹ ਪਹਿਲੀ ਉੱਚ ਪੱਧਰੀ ਆਹਮੋ-ਸਾਹਮਣੇ ਦੀ ਬੈਠਕ ਸੀ।


author

Tanu

Content Editor

Related News