ਗੁਰਦੁਆਰਾ ਸ੍ਰੀ ਮਣੀਕਰਨ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ
Friday, Feb 28, 2025 - 05:40 PM (IST)

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ। ਮੋਹਲੇਧਾਰ ਮੀਂਹ ਦੇ ਚੱਲਦੇ ਜਿੱਥੇ ਨਦੀ-ਨਾਲੇ ਉਫਾਨ 'ਤੇ ਹਨ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਰਫ਼ਬਾਰੀ ਅਤੇ ਮੀਂਹ ਪੈਣ ਕਾਰਨ ਆਮ ਜਨਜੀਵਨ ਠੱਪ ਹੋ ਗਿਆ। ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਕਾਰਨ ਮੁੱਖ ਸੜਕਾਂ ਅਤੇ ਰਾਸ਼ਟਰੀ ਰਾਜਮਾਰਗ ਬੰਦ ਹੋ ਗਏ। ਉੱਥੇ ਹੀ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਠੱਪ ਹੋ ਗਿਆ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਮੰਡੀ ਵਿਚ ਹੀ ਰੋਕਿਆ ਗਿਆ ਹੈ। ਖਰਾਬ ਮੌਸਮ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਜਿਸ ਕਾਰਨ ਗੁਰਦੁਆਰਾ ਸ੍ਰੀ ਮਣੀਕਰਨ ਸਾਹਿਬ ਆਉਣ-ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਪਰੇਸ਼ਾਨੀ ਖੜ੍ਹੀ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਕੁਦਰਤ ਨੇ ਅਜਿਹਾ ਰੂਪ ਵਿਖਾਇਆ ਕਿ ਰੋਂਗਟੇ ਖੜ੍ਹੇ ਹੋ ਰਹੇ ਹਨ। ਕੁੱਲੂ ਵਿਚ ਦੋ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਲਗਾਤਾਰ ਤੀਜੇ ਦਿਨ ਰੁਕ-ਰੁਕ ਕੇ ਹੋ ਰਹੀ ਬਰਫ਼ਬਾਰੀ ਅਤੇ ਮੀਂਹ ਕਾਰਨ ਹਾਈਵੇਅ ਪ੍ਰਭਾਵਿਤ ਹੋਇਆ ਹੈ। ਕੁੱਲੂ, ਲਾਹੌਲ-ਸਪੀਤੀ, ਕਿਨੌਰ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਕਈ ਖੇਤਰ ਬਾਕੀ ਸੂਬੇ ਨਾਲੋਂ ਕੱਟੇ ਜਾਣ ਕਾਰਨ ਪੂਰੇ ਸੂਬੇ ਵਿਚ ਲਗਭਗ 200 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਜ਼ਮੀਨ ਖਿਸਕਣ ਕਾਰਨ ਮਨਾਲੀ-ਕੀਰਤਪੁਰ ਕੌਮੀ ਹਾਈਵੇਅ 'ਤੇ ਆਵਾਜਾਈ ਠੱਪ ਹੋ ਗਈ ਹੈ।
ਪ੍ਰਸ਼ਾਸਨ ਨੇ ਸਥਾਨਕ ਲੋਕਾਂ ਅਤੇ ਯਾਤਰੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿਚ ਕਈ ਥਾਵਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਕਾਰਨ ਸੰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ।