5,6,7,8,9 ਜੁਲਾਈ ਤੱਕ ਇਨ੍ਹਾਂ ਸੂਬਿਆਂ ''ਚ ਮੀਂਹ ਦਾ ਅਲਰਟ, Landslide ਦਾ ਖ਼ਤਰਾ
Friday, Jul 04, 2025 - 12:27 PM (IST)

ਨੈਸ਼ਨਲ ਡੈਸਕ- ਦੇਸ਼ ਦੇ ਕਈ ਸੂਬਿਆਂ ਵਿਚ ਮਾਨਸੂਨ ਰਫ਼ਤਾਰ ਫੜ ਚੁੱਕਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 5 ਜੁਲਾਈ ਤੋਂ 9 ਜੁਲਾਈ ਦਰਮਿਆਨ ਕਈ ਸੂਬਿਆਂ ਵਿਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਉੱਤਰ ਭਾਰਤ ਤੋਂ ਲੈ ਕੇ ਮੱਧ ਅਤੇ ਪੂਰਬੀ ਹਿੱਸਿਆਂ ਤੱਕ ਮੌਸਮ ਵਿਗੜਨ ਦੇ ਪੂਰੇ ਆਸਾਰ ਹਨ। ਪਹਾੜੀ ਇਲਾਕਿਆਂ ਵਿਚ ਹੜ੍ਹ ਆ ਸਕਦਾ ਹੈ ਅਤੇ ਲੈਂਡ ਸਲਾਈਡ ਹੋ ਸਕਦਾ ਹੈ। ਉੱਥੇ ਹੀ ਮੈਦਾਨੀ ਸੂਬਿਆਂ ਵਿਚ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜੋ ਕਿ ਜਨ-ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕਿਹੜੇ ਸੂਬਿਆਂ 'ਚ ਜਾਰੀ ਹੋਇਆ ਮੀਂਹ ਦਾ ਅਲਰਟ ?
IMD ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਕਾਰਨ ਚੌਕਸੀ ਅਤੇ ਤਿਆਰੀ ਦੋਵੇਂ ਜ਼ਰੂਰੀ ਹਨ।
ਪਹਾੜੀ ਸੂਬਿਆਂ: ਹਿਮਾਚਲ ਅਤੇ ਉਤਰਾਖੰਡ 'ਚ ਅਲਰਟ
ਹਿਮਾਚਲ ਪ੍ਰਦੇਸ਼: 5 ਤੋਂ 7 ਜੁਲਾਈ ਤੱਕ ਸ਼ਿਮਲਾ, ਸੋਲਨ, ਮੰਡੀ ਅਤੇ ਕਿਨੌਰ ਵਰਗੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ। ਪਹਾੜਾਂ ਵਿਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ।
ਉੱਤਰਾਖੰਡ: ਦੇਹਰਾਦੂਨ, ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਰਗੇ ਖੇਤਰਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸਥਾਨਕ ਪ੍ਰਸ਼ਾਸਨ ਨੇ ਨਦੀਆਂ ਅਤੇ ਨਾਲਿਆਂ ਦੇ ਨੇੜੇ ਜਾਣ ਦੀ ਮਨਾਹੀ ਕੀਤੀ ਹੈ।
ਦਿੱਲੀ-NCR, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਰਾਹਤ ਅਤੇ ਚਿਤਾਵਨੀ
ਦਿੱਲੀ ਅਤੇ NCR ਵਿਚ ਅਗਲੇ 5 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦੋਂ ਕਿ ਪੂਰਬੀ ਯੂ.ਪੀ. ਵਿਚ ਗੋਰਖਪੁਰ, ਬਲੀਆ, ਬਨਾਰਸ ਵਰਗੇ ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਅਤੇ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
IMD ਦੀ ਚਿਤਾਵਨੀ ਅਤੇ ਸਾਵਧਾਨੀ
ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਕਾਰਨ ਪਾਣੀ ਭਰਨ, ਟ੍ਰੈਫਿਕ ਜਾਮ, ਦਰੱਖਤ ਡਿੱਗਣ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਦੀ ਉੱਚ ਸੰਭਾਵਨਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ-
-ਨਦੀਆਂ, ਜਲ ਭੰਡਾਰਾਂ ਅਤੇ ਹੇਠਲੇ ਇਲਾਕਿਆਂ ਤੋਂ ਦੂਰ ਰਹਿਣ।
- ਬਿਜਲੀ ਡਿੱਗਣ ਦੌਰਾਨ ਖੁੱਲ੍ਹੇ ਖੇਤਾਂ 'ਚ ਜਾਂ ਦਰੱਖਤਾਂ ਹੇਠ ਪਨਾਹ ਨਾ ਲਓ।
- ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿਚ ਯਾਤਰਾ ਕਰਨ ਤੋਂ ਬਚੋ।
-ਸਥਾਨਕ ਪ੍ਰਸ਼ਾਸਨ ਅਤੇ ਮੌਸਮ ਦੇ ਅਪਡੇਟ 'ਤੇ ਨਜ਼ਰ ਰੱਖੋ।