ਦਿੱਲੀ-NCR ’ਚ ਤੇਜ਼ ਹਨ੍ਹੇਰੀ ਨਾਲ ਮੋਹਲੇਧਾਰ ਮੀਂਹ; ਕਈ ਥਾਈਂ ਟੁੱਟੇ ਦਰੱਖ਼ਤ, ਉਡਾਣਾਂ ਪ੍ਰਭਾਵਿਤ
Monday, May 23, 2022 - 10:33 AM (IST)
ਨਵੀਂ ਦਿੱਲੀ– ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਉੱਤਰ ਭਾਰਤ ਦੇ ਕਈ ਸੂਬਿਆਂ ਨੂੰ ਆਖ਼ਰਕਾਰ ਰਾਹਤ ਮਿਲ ਹੀ ਗਈ। ਤੇਜ਼ ਹਵਾਵਾਂ ਅਤੇ ਮੀਂਹ ਪੈਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਦਿੱਲੀ-ਐੱਨ. ਸੀ. ਆਰ. ’ਚ ਵੀ ਸੋਮਵਾਰ ਸਵੇਰੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਭਾਵੇਂ ਹੀ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਦਿੱਲੀ ਹਵਾਈ ਅੱਡਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਖਰਾਬ ਮੌਸਮ ਕਾਰਨ ਉਡਾਣਾਂ ਦਾ ਪਰਿਚਾਲਨ ਪ੍ਰਭਾਵਿਤ ਹੋਇਆ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਡਾਣਾਂ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।
#WATCH | An uprooted tree blocks road near Delhi Cantonment area following strong winds and rain, as parts of National Capital receive rainfall. pic.twitter.com/xLtnV8r3I8
— ANI (@ANI) May 23, 2022
100 ਤੋਂ ਜ਼ਿਆਦਾ ਥਾਂ ਟੁੱਟੇ ਦਰੱਖ਼ਤ
ਨੋਇਡਾ ’ਚ ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਇਸ ਦੌਰਾਨ ਥਾਂ-ਥਾਂ ਦਰੱਖ਼ਤ ਉੱਖੜ ਗਏ। ਉਥੇ ਹੀ ਗਾਜ਼ੀਆਬਾਦ ਅਤੇ ਦਿੱਲੀ ’ਚ ਵੀ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਦਿੱਲੀ ਦੇ ਕਈ ਇਲਾਕਿਆਂ ’ਚ ਵੀ ਦਰੱਖ਼ਤ ਸੜਕਾਂ ’ਤੇ ਡਿੱਗੇ ਹੋਏ ਨਜ਼ਰ ਆਏ। ਦਿੱਲੀ-ਐੱਨ. ਸੀ. ਆਰ. ’ਚ ਸਵੇਰ ਤੋਂ ਹੀ ਪੈ ਰਹੇ ਮੀਂਹ ਅਤੇ ਤੇਜ਼ ਹਨ੍ਹੇਰੀ ਦੀ ਵਜ੍ਹਾ ਕਾਰਨ ਦਿੱਲੀ ਫਾਇਰ ਵਿਭਾਗ ਨੂੰ ਦਰੱਖ਼ਤ ਡਿੱਗਣ ਦੀਆਂ ਤਕਰੀਬਨ 100 ਤੋਂ ਵਧੇਰੇ ਫੋਨ ਕਾਲ ਆਈਆਂ ਹਨ ਪਰ ਰਾਹਤ ਦੀ ਖ਼ਬਰ ਇਹ ਹੈ ਕਿ ਕਿਤੇ ਕੋਈ ਫਸਿਆ ਜਾਂ ਜ਼ਖਮੀ ਨਹੀਂ ਹੋਇਆ।
ਦਿੱਲੀ-ਐੱਨ. ਸੀ. ਆਰ. ਦੇ ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਠੱਪ ਹੋ ਗਈ ਹੈ। ਓਧਰ ਭਾਰਤ ਮੌਸਮ ਵਿਭਾਗ ਨੇ ਸ਼ਹਿਰ ’ਚ ਮੋਹਲੇਧਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਐੱਨ. ਸੀ. ਆਰ. ’ਚ 60-90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ- ਨਾਲ ਮੀਂਹ ਪਵੇਗਾ।