ਆਫ਼ ਦਿ ਰਿਕਾਰਡ : ਰਾਹੁਲ ਗਾਂਧੀ ਦੀ ‘ਗਰਲਫ੍ਰੈਂਡ’ ਦੀ ਭਾਲ
Thursday, Nov 19, 2026 - 11:05 AM (IST)
ਰਾਹੁਲ ਗਾਂਧੀ ਨੇ ਅਣਜਾਣੇ ਵਿਚ ਸੋਸ਼ਲ ਮੀਡੀਆ ਜਾਸੂਸਾਂ ਨੂੰ ਇਕ ਨਵਾਂ ਕੰਮ ਦੇ ਦਿੱਤਾ ਹੈ- ਆਪਣੀ ਕੈਂਬ੍ਰਿਜ-ਦੌਰ ਦੀ ਗਰਲਫ੍ਰੈਂਡ ਨੂੰ ਟ੍ਰੈਕ ਕਰਨਾ। ਇਹ ਸਭ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀਆਂ ਯਾਦਾਂ ਦੀ ਰਿਲੀਜ਼ ਨਾਲ ਜੁੜੇ ਇਕ ਸਮਾਗਮ ਵਿਚ ਇਕ ਸੱਚੀ ਯਾਦ ਦੇ ਨਾਲ ਸ਼ੁਰੂ ਹੋਇਆ।
ਰਾਹੁਲ ਨੇ ਯਾਦ ਕੀਤਾ ਕਿ ਕਿਵੇਂ ਕੈਂਬ੍ਰਿਜ 'ਚ ਪੜ੍ਹਾਈ ਦੌਰਾਨ ਉਹ ਇਕ ਵਾਰ ਆਪਣੀ ਗਰਲਫ੍ਰੈਂਡ ਨੂੰ ਇਕ ਰੈਸਟੋਰੈਂਟ ਵਿਚ ਲੈ ਗਏ ਸਨ, ਜਿਸ ਦੀ ਉਨ੍ਹਾਂ ਦੇ ਮਾਤਾ-ਪਿਤਾ ਦੀ ਪ੍ਰੇਮ ਕਹਾਣੀ ਵਿਚ ਇਕ ਖ਼ਾਸ ਥਾਂ ਸੀ। ਉਹ ਉਸ ਨੂੰ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਮਾਤਾ-ਪਿਤਾ ਕਿਵੇਂ ਮਿਲੇ ਸਨ। ਇੰਟਰਨੈੱਟ ’ਤੇ ਹਲਚਲ ਮਚਾਉਣ ਲਈ ਬਸ ਇੰਨਾ ਹੀ ਕਾਫ਼ੀ ਸੀ ਪਰ ਅਸਲੀ ਮਜ਼ਾ ਉਦੋਂ ਸ਼ੁਰੂ ਹੋਇਆ ਜਦੋਂ ਇਕ ਪੱਤਰਕਾਰ ਨੇ ਸਿੱਧਾ ਸਵਾਲ ਪੁੱਛਿਆ: ‘ਉਹ ਗਰਲਫ੍ਰੈਂਡ ਹੁਣ ਕਿੱਥੇ ਹੈ?’ ਮੁਸਕਰਾਉਂਦੇ ਹੋਏ ਰਾਹੁਲ ਨੇ ਜਵਾਬ ਦਿੱਤਾ: ‘ਉਹ ਹੁਣ ਮੇਰੀ ਦੋਸਤ ਹੈ।’
ਬਸ ਫਿਰ ਅੰਦਾਜ਼ਾ ਲਗਾਉਣ ਦੀ ਖੇਡ ਸ਼ੁਰੂ ਹੋ ਗਈ। ਕੀ ਉਹ ਅਜੇ ਵੀ ਆਸ-ਪਾਸ ਸੀ ? ਕੀ ਰੋਮਾਂਸ ਦੀ ਥਾਂ ਦੋਸਤੀ ਨੇ ਲੈ ਲਈ ਸੀ ? ਜਾਂ ਰਾਹੁਲ ਬਸ ਡਿਪਲੋਮੈਟਿਕ ਹੋ ਰਹੇ ਸਨ ? ਸੋਸ਼ਲ ਮੀਡੀਆ ਨੇ ਇਸ ਗੱਲਬਾਤ ਨੂੰ ਮੀਮਜ਼, ਮਜ਼ਾਕ ਅਤੇ ਸ਼ੌਕੀਆ ਜਾਂਚ ਵਿਚ ਬਦਲਣ ਵਿਚ ਜ਼ਿਆਦਾ ਸਮਾਂ ਬਰਬਾਦ ਨਹੀਂ ਕੀਤਾ। ਕੁਝ ਯੂਜ਼ਰਸ ਨੇ ਤਾਂ ਉਨ੍ਹਾਂ ਦੇ ਸੋਚ-ਸਮਝ ਕੇ ਦਿੱਤੇ ਜਵਾਬ ਦਾ ਵਿਸ਼ਲੇਸ਼ਣ ਵੀ ਕਰਨਾ ਸ਼ੁਰੂ ਕਰ ਦਿੱਤਾ, ਜਦੋਂਕਿ ਦੂਜਿਆਂ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਪੁਰਾਣੀਆਂ ਅਟਕਲਾਂ ਨੂੰ ਯਾਦ ਕੀਤਾ।
ਇਕ ਅਜਿਹੇ ਆਗੂ ਲਈ ਜਿਸ ਦੇ ਨਿੱਜੀ ਮਾਮਲੇ ਜ਼ਿਆਦਾਤਰ ਲੋਕਾਂ ਤੋਂ ਦੂਰ ਰਹੇ ਹਨ, ਕੈਂਬ੍ਰਿਜ ਵਿਚ ਹੋਏ ਇਸ ਛੋਟੇ ਜਿਹੇ ਇਕਬਾਲ ਨੇ ਸੋਸ਼ਲ ਮੀਡੀਆ ਨੂੰ ਵੋਟ ਚੋਰੀ, ਚੋਣ ਕਮਿਸ਼ਨ ਅਤੇ ਸਿਆਸੀ ਬਹਿਸ ਤੋਂ ਬਹੁਤ ਦੂਰ ਕੁਝ ਦੇ ਦਿੱਤਾ ਹੈ। ਇਕ ਵਾਰ ਲਈ, ਰਾਹੁਲ ਦੇ ਸਿਆਸੀ ਆਲੋਚਕਾਂ ਅਤੇ ਚਾਹੁਣ ਵਾਲਿਆਂ ਨੂੰ ਇਕ ਸਾਂਝਾ ਵਿਸ਼ਾ ਮਿਲ ਗਿਆ ਹੈ — ਕੈਂਬ੍ਰਿਜ ਦੀ ਮਿਸਟਰੀ ਵੂਮੈਨ। ਅਤੇ ਅਜਿਹਾ ਲੱਗਦਾ ਹੈ ਕਿ ਇਹ ਭਾਲ ਅਜੇ ਸ਼ੁਰੂ ਹੀ ਹੋਈ ਹੈ।
