ਰਾਹੁਲ ਦੀ ਮੋਦੀ ਨੂੰ ਚੁਣੌਤੀ, ਹੁਣੇ ਕਰਵਾਓ ਜਾਤੀ ਆਧਾਰਿਤ ਮਰਦਮਸ਼ੁਮਾਰੀ, ਨਹੀਂ ਤਾਂ ਅਗਲਾ PM ਕਰੇਗਾ ਇਹ ਕੰਮ

Monday, Aug 26, 2024 - 12:56 AM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੀ ਦੇਸ਼ ਦੀ ਮੰਗ ਨੂੰ ਤੁਰੰਤ ਪੂਰਾ ਕਰਨ, ਨਹੀਂ ਤਾਂ ਉਹ ਅਗਲੇ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਦਾ ਵੇਖਣਗੇ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਕ ਮੀਡੀਆ ਸਮੂਹ ਵੱਲੋਂ ਕਰਵਾਏ ਗਏ ‘ਮੂਡ ਆਫ ਨੇਸ਼ਨ’ ਸਰਵੇਖਣ ’ਤੇ ਕਾਂਗਰਸ ਦੀ ਇਕ ਪੋਸਟ ਨੂੰ ਟੈਗ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਕੋਈ ਵੀ ਤਾਕਤ ਦੇਸ਼ ਪੱਧਰੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਰੋਕ ਨਹੀਂ ਸਕਦੀ। ਸਰਵੇਖਣ ’ਚ ਕਿਹਾ ਗਿਆ ਸੀ ਕਿ ਅਗਸਤ ’ਚ 74 ਫ਼ੀਸਦੀ ਲੋਕਾਂ ਨੇ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਏ ਜਾਣ ਦਾ ਸਮਰਥਨ ਕੀਤਾ, ਜੋ ਇਸ ਸਾਲ ਫਰਵਰੀ ਦੇ 59 ਫ਼ੀਸਦੀ ਦੇ ਅੰਕੜੇ ਤੋਂ ਜ਼ਿਆਦਾ ਹੈ।

ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਮੋਦੀ ਜੀ, ਜੇ ਤੁਸੀਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਰੋਕਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਸੁਪਨਾ ਵੇਖ ਰਹੇ ਹੋ। ਹੁਣ ਕੋਈ ਤਾਕਤ ਇਸ ਨੂੰ ਨਹੀਂ ਰੋਕ ਸਕਦੀ। ਭਾਰਤ ਦਾ ਹੁਕਮ ਆ ਗਿਆ ਹੈ। ਛੇਤੀ ਹੀ 90 ਫ਼ੀਸਦੀ ਭਾਰਤੀ ਇਸ ਦਾ ਸਮਰਥਨ ਕਰਨਗੇ ਅਤੇ ਮੰਗ ਕਰਨਗੇ।’’

ਕਾਂਗਰਸ ਨੇਤਾ ਨੇ ਕਿਹਾ, ‘‘ਹੁਣੇ ਹੁਕਮ ਲਾਗੂ ਕਰੋ, ਨਹੀਂ ਤਾਂ ਤੁਸੀਂ ਅਗਲੇ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਦੇ ਵੇਖੋਗੇ।’’ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਵੱਲੋਂ ਦੇਸ਼ ਪੱਧਰੀ ‘ਜਾਤੀ ਮਰਦਮਸ਼ੁਮਾਰੀ’ ਦੀ ਮੰਗ ’ਤੇ ਜ਼ੋਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਆਈ।

ਪ੍ਰਯਾਗਰਾਜ ’ਚ ‘ਸੰਵਿਧਾਨ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਸੀ ਕਿ 90 ਫ਼ੀਸਦੀ ਲੋਕ ਵਿਵਸਥਾ ਤੋਂ ਬਾਹਰ ਬੈਠੇ ਹੋਏ ਹਨ। ਉਨ੍ਹਾਂ ਕੋਲ ਹੁਨਰ ਅਤੇ ਗਿਆਨ ਹੈ ਪਰ ਉਨ੍ਹਾਂ ਦਾ ਇਸ ਵਿਵਸਥਾ ਨਾਲ ਕੋਈ ਸਬੰਧ ਨਹੀਂ ਹੈ। ਇਹੀ ਵਜ੍ਹਾ ਹੈ ਕਿ ਅਸੀਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਉਠਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਲਈ ਇਹ ਮਰਦਮਸ਼ੁਮਾਰੀ ਨੀਤੀ ਨਿਰਮਾਣ ਦਾ ਆਧਾਰ ਹੈ।

ਉਨ੍ਹਾਂ ਕਿਹਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਦੀ ਗਿਣਤੀ ਦਾ ਪਤਾ ਲਾਉਣ ਦੀ ਲੋੜ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਸੀ ਕਿ ਇਹ ਨੀਤੀ ਨਿਰਮਾਣ ਦਾ ਉਪਕਰਨ ਹੈ। ਅਸੀਂ ਬਿਨਾਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੇ ਭਾਰਤ ਦੀ ਅਸਲੀਅਤ ਬਾਰੇ ਨੀਤੀਆਂ ਨਹੀਂ ਬਣਾ ਸਕਦੇ।


Rakesh

Content Editor

Related News