ਰਾਹੁਲ ਗਾਂਧੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ ! ਵਿਦਿਆਰਥੀਆਂ ''ਤੇ ਹੋਈ ਪੁਲਸ ਕਾਰਵਾਈ ''ਤੇ ਮੰਗਿਆ ਜਵਾਬ

Sunday, Jul 26, 2026 - 12:23 PM (IST)

ਰਾਹੁਲ ਗਾਂਧੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ ! ਵਿਦਿਆਰਥੀਆਂ ''ਤੇ ਹੋਈ ਪੁਲਸ ਕਾਰਵਾਈ ''ਤੇ ਮੰਗਿਆ ਜਵਾਬ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 20 ਜੁਲਾਈ ਨੂੰ ਦਿੱਲੀ 'ਚ ਸ਼ਾਂਤਮਈ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀ ਗਈ ਪੁਲਸ ਕਾਰਵਾਈ ਲਈ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪੁਲਸ ਨੇ ਸਿੱਖਿਆ ਪ੍ਰਣਾਲੀ 'ਚ ਸੁਧਾਰਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੈਲੇਟ ਗਨ ਦਾ ਇਸਤੇਮਾਲ ਕੀਤਾ, ਹੰਝੂ ਗੈਸ ਛੱਡੀ ਗਈ ਅਤੇ ਲਾਠੀਚਾਰਜ ਕੀਤਾ ਗਿਆ।

ਰਾਹੁਲ ਗਾਂਧੀ ਨੇ ਪੱਤਰ 'ਚ ਲਿਖਿਆ ਕਿ ਵਿਦਿਆਰਥੀ ਇਕ ਨਿਰਪੱਖ ਅਤੇ ਜਵਾਬਦੇਹ ਸਿੱਖਿਆ ਪ੍ਰਣਾਲੀ ਦੀ ਮੰਗ ਕਰ ਰਹੇ ਸਨ, ਪਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਅੰਨ੍ਹੇਵਾਹ ਜ਼ੋਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਕਾਰਵਾਈ 'ਚ ਸੈਂਕੜੇ ਵਿਦਿਆਰਥੀ ਜ਼ਖਮੀ ਹੋਏ ਹਨ ਅਤੇ ਵਿਦਿਆਰਥਣਾਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਨੇ ਵਿਸ਼ੇਸ਼ ਤੌਰ 'ਤੇ ਪੈਲੇਟ ਗਨ ਦੀ ਵਰਤੋਂ 'ਤੇ ਸਵਾਲ ਚੁੱਕਦੇ ਹੋਏ ਲਿਖਿਆ ਕਿ ਮੀਡੀਆ ਅਤੇ ਸੋਸ਼ਲ ਮੀਡੀਆ 'ਚ ਦਿਖਾਈ ਦੇਣ ਵਾਲੀਆਂ ਤਸਵੀਰਾਂ ਗੰਭੀਰ ਸੱਟਾਂ ਨੂੰ ਦਰਸਾਉਂਦੀਆਂ ਹਨ।

PunjabKesari

ਉਨ੍ਹਾਂ ਨੇ ਹਰਿਆਣਾ ਦੇ 19 ਸਾਲਾ ਵਿਦਿਆਰਥੀ ਸਾਹਿਲ ਲੋਚਬ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਪੈਲੇਟ ਗਨ ਨਾਲ ਜ਼ਖ਼ਮੀ ਹੋਇਆ ਹੈ ਅਤੇ ਉਸ ਦੀ ਇਕ ਅੱਖ ਦੀ ਰੋਸ਼ਨੀ ਜਾਣ ਦਾ ਖਤਰਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਤੋਂ ਦੋ ਸਿੱਧੇ ਸਵਾਲ ਪੁੱਛੇ,"ਕੀ ਤੁਸੀਂ ਵਿਦਿਆਰਥੀਆਂ ਵਿਰੁੱਧ ਪੈਲੇਟ ਗਨ ਸਮੇਤ ਘਾਤਕ ਤਾਕਤ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ? ਜੇ ਨਹੀਂ, ਤਾਂ ਹੁਕਮ ਕਿਸ ਨੇ ਦਿੱਤਾ?" "ਸਾਦੇ ਕੱਪੜਿਆਂ 'ਚ ਉਹ ਲੋਕ ਕੌਣ ਸਨ ਜੋ ਵਿਦਿਆਰਥੀਆਂ ਨੂੰ ਡੰਡਿਆਂ ਨਾਲ ਕੁੱਟਦੇ ਵੇਖੇ ਗਏ ਸਨ? ਕੀ ਉਹ ਪੁਲਸ ਮੁਲਾਜ਼ਮ ਸਨ ਜਾਂ ਵਲੰਟੀਅਰ? ਉਨ੍ਹਾਂ ਨੂੰ ਕਿਸ ਦੇ ਹੁਕਮਾਂ 'ਤੇ ਤਾਇਨਾਤ ਕੀਤਾ ਗਿਆ ਸੀ?" ਕਾਂਗਰਸ ਨੇਤਾ ਨੇ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲੋਕਤੰਤਰ ਦਾ ਮੌਲਿਕ ਅਧਿਕਾਰ ਹੈ ਅਤੇ ਸਰਕਾਰ ਦੀ ਜ਼ਿੰਮੇਵਾਰੀ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਿੰਸਾ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਈ ਹੈ ਅਤੇ ਦੇਸ਼ ਦੇ ਨੌਜਵਾਨ ਜਵਾਬਦੇਹੀ ਦੀ ਮੰਗ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News