ਨਿਊਜ਼ੀਲੈਂਡ ''ਚ ਨਗਰ ਕੀਰਤਨ ਦੌਰਾਨ ਹੰਗਾਮਾ, ਆਰ.ਪੀ. ਸਿੰਘ ਨੇ ਜੈਸ਼ੰਕਰ ਨੂੰ ਲਿਖੀ ਚਿੱਠੀ

Sunday, Dec 21, 2025 - 04:26 PM (IST)

ਨਿਊਜ਼ੀਲੈਂਡ ''ਚ ਨਗਰ ਕੀਰਤਨ ਦੌਰਾਨ ਹੰਗਾਮਾ, ਆਰ.ਪੀ. ਸਿੰਘ ਨੇ ਜੈਸ਼ੰਕਰ ਨੂੰ ਲਿਖੀ ਚਿੱਠੀ

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਇੱਕ ਪੱਤਰ ਲਿਖ ਕੇ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿੱਚ ਇੱਕ ਨਗਰ ਕੀਰਤਨ ਦੌਰਾਨ ਵਾਪਰੀ ਮੰਦਭਾਗੀ ਘਟਨਾ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੂਟਨੀਤਕ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। 
ਜਾਣਕਾਰੀ ਅਨੁਸਾਰ ਸਾਊਥ ਆਕਲੈਂਡ ਵਿੱਚ ਇੱਕ ਸ਼ਾਂਤੀਪੂਰਵਕ ਅਤੇ ਕਾਨੂੰਨੀ ਤੌਰ 'ਤੇ ਮਨਜ਼ੂਰਸ਼ੁਦਾ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਇਸ ਦੌਰਾਨ "ਟਰੂ ਪੈਟ੍ਰਿਅਟਸ ਆਫ਼ ਨਿਊਜ਼ੀਲੈਂਡ" ਨਾਮਕ ਇੱਕ ਸਮੂਹ ਨੇ ਨਗਰ ਕੀਰਤਨ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਤੇ ਇੱਕ ਵਿਵਾਦਤ ਬੈਨਰ ਦਿਖਾਇਆ, ਜਿਸ 'ਤੇ ਲਿਖਿਆ ਸੀ, "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"। ਇਹ ਲੋਕ ਸਿੱਧੇ ਤੌਰ 'ਤੇ ਸ਼ਰਧਾਲੂਆਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ।


ਆਰ.ਪੀ. ਸਿੰਘ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ ਨਗਰ ਕੀਰਤਨ ਇੱਕ ਗੈਰ-ਸਿਆਸੀ ਅਤੇ ਧਾਰਮਿਕ ਪ੍ਰੋਗਰਾਮ ਹੁੰਦਾ ਹੈ, ਜੋ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਘਟਨਾ ਦੌਰਾਨ ਕੋਈ ਸਰੀਰਕ ਹਿੰਸਾ ਨਹੀਂ ਹੋਈ, ਪਰ ਜਿਸ ਤਰੀਕੇ ਨਾਲ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਉਸ ਨੇ ਸਿੱਖ ਭਾਈਚਾਰੇ ਦੀ ਮਰਿਆਦਾ, ਧਾਰਮਿਕ ਆਜ਼ਾਦੀ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦਾ ਸਮਾਜ ਵਿੱਚ ਹਮੇਸ਼ਾ ਸਕਾਰਾਤਮਕ ਯੋਗਦਾਨ ਰਿਹਾ ਹੈ।
ਭਾਜਪਾ ਆਗੂ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਕੂਟਨੀਤਕ ਚੈਨਲਾਂ ਰਾਹੀਂ ਨਿਊਜ਼ੀਲੈਂਡ ਸਰਕਾਰ ਕੋਲ ਇਹ ਮੁੱਦਾ ਉਠਾਉਣ। ਉਨ੍ਹਾਂ ਮੰਗ ਕੀਤੀ ਕਿ ਨਿਊਜ਼ੀਲੈਂਡ ਸਰਕਾਰ ਤੋਂ ਉੱਥੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੀ ਸੁਰੱਖਿਆ, ਧਾਰਮਿਕ ਆਜ਼ਾਦੀ ਅਤੇ ਸਮਾਜਿਕ ਸਦਭਾਵਨਾ ਨੂੰ ਬਰਕਰਾਰ ਰੱਖਣ ਦਾ ਭਰੋਸਾ ਲਿਆ ਜਾਵੇ। ਉਨ੍ਹਾਂ ਅਨੁਸਾਰ ਅਜਿਹੀ ਗੱਲਬਾਤ ਨਿਊਜ਼ੀਲੈਂਡ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹੋਏ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਭਲਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ।


author

Shubam Kumar

Content Editor

Related News