ਅੰਦੋਲਨਕਾਰੀ ਡਾਕਟਰਾਂ ਨੇ ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
Friday, Sep 13, 2024 - 03:48 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ 'ਚ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਆਰ ਜੀ ਕਰ ਹਸਪਤਾਲ ਗਤੀਰੋਧ ਮਾਮਲੇ 'ਚ ਦਖ਼ਲਅੰਦਾਜੀ ਕਰਨ ਦੀ ਅਪੀਲ ਕੀਤੀ ਹੈ। ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਵਲੋਂ ਲਿਖੀ ਗਈ ਚਾਰ ਪੰਨਿਆਂ ਦੀ ਚਿੱਠੀ ਦੀਆਂ ਕਾਪੀਆਂ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਵੀ ਭੇਜੀਆਂ ਗਈਆਂ ਹਨ। ਜੂਨੀਅਰ ਡਾਕਟਰਾਂ ਨੇ ਆਪਣੀ ਹੜਤਾਲ 9 ਅਗਸਤ ਨੂੰ ਸ਼ੁਰੂ ਕੀਤੀ ਸੀ, ਉਦੋਂ ਹਸਪਤਾਲ ਦੇ ਸੈਮੀਨਾਰ ਰੂਮ 'ਚ ਇਕ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਸ ਦਾ ਜਬਰ ਜ਼ਿਨਾਹ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਜੂਨੀਅਰ ਡਾਕਟਰਾਂ ਨੇ 'ਕੰਮ ਬੰਦ' ਕੀਤਾ ਹੋਇਆ ਹੈ।
ਉਨ੍ਹਾਂ ਨੇ ਚਿੱਠੀ 'ਚ ਲਿਖਿਆ ਹੈ,''ਦੇਸ਼ ਦੇ ਮੁਖੀ ਹੋਣ ਦੇ ਨਾਤੇ ਅਸੀਂ ਇਨ੍ਹਾਂ ਮੁੱਦਿਆਂ ਨੂੰ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਸਾਡੀ ਉਸ ਸਹਿਯੋਗੀ ਨੂੰ ਨਿਆਂ ਮਿਲੇ, ਜਿਸ ਨਾਲ ਬੇਹੱਦ ਘਿਨਾਉਣਾ ਅਪਰਾਧ ਹੋਇਆ ਅਤੇ ਅਸੀਂ, ਪੱਛਮੀ ਬੰਗਾਲ ਸਿਹਤ ਵਿਭਾਗ ਦੇ ਅਧੀਨ ਸਿਹਤ ਸੇਵਾ ਪੇਸ਼ੇਵਰ, ਬਿਨਾਂ ਕਿਸੇ ਡਰ ਅਤੇ ਸ਼ੱਕ ਦੇ ਜਨਤਾ ਦੇ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰ ਸਕੀਏ।'' ਉਨ੍ਹਾਂ ਲਿਖਿਆ,''ਇਸ ਕਠਿਨ ਸਮੇਂ 'ਚ ਤੁਹਾਡੀ ਦਖ਼ਲਅੰਦਾਜੀ ਸਾਡੇ ਸਾਰਿਆਂ ਲਈ ਰੋਸ਼ਨੀ ਦੀ ਕਿਰਨ ਦੀ ਤਰ੍ਹਾਂ ਹੋਵੇਗੀ, ਜੋ ਸਾਨੂੰ ਸਾਡੇ ਚਾਰੇ ਪਾਸੇ ਹਨ੍ਹੇਰੇ ਤੋਂ ਬਾਹਰ ਕੱਢਣ ਦਾ ਰਸਤਾ ਦਿਖਾਏਗੀ।'' ਅੰਦੋਲਨਕਾਰੀ ਡਾਕਟਰਾਂ 'ਚ ਸ਼ਾਮਲ ਅਨਿਕੇਤ ਮਹਿਤੋ ਨੇ ਦੱਸਿਆ ਕਿ ਚਿੱਠੀ ਦਾ ਮਸੌਦਾ ਇਸ ਮਹੀਨੇ ਦੀ ਸ਼ੁਰੂਆਤ 'ਚ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਵੀਰਵਾਰ ਰਾਤ ਭੇਜਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8