ਜੰਤਰ-ਮੰਤਰ ’ਤੇ ‘ਆਪ’ ਦਾ ਪ੍ਰਦਰਸ਼ਨ; ਭਾਜਪਾ ’ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਚੰਗੇ ਕੰਮ ਕਰੋ’

Wednesday, Mar 17, 2021 - 05:45 PM (IST)

ਜੰਤਰ-ਮੰਤਰ ’ਤੇ ‘ਆਪ’ ਦਾ ਪ੍ਰਦਰਸ਼ਨ; ਭਾਜਪਾ ’ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਚੰਗੇ ਕੰਮ ਕਰੋ’

ਨਵੀਂ ਦਿੱਲੀ— ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਵਿਚਾਲੇ ਖਿਚੋਤਾਣ ਵੱਧਦੀ ਜਾ ਰਹੀ ਹੈ। ਕੇਂਦਰ ਵਲੋਂ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸੋਧ ਬਿੱਲ 2021 ਲੋਕ ਸਭਾ ’ਚ ਪੇਸ਼ ਕੀਤਾ ਗਿਆ। ਇਹ ਬਿੱਲ ਉੱਪ ਰਾਜਪਾਲ (ਐੱਲ. ਜੀ.) ਨੂੰ ਮਿਲਣ ਵਾਲੀਆਂ ਸ਼ਕਤੀਆਂ ਨੂੰ ਵਧਾਉਂਦਾ ਹੈ। ਇਸ ਦੇ ਵਿਰੋਧ ’ਚ ਆਮ ਆਦਮੀ ਪਾਰਟੀ (ਆਪ) ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਪਾਰਟੀ ਵਲੋਂ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜੰਤਰ-ਮੰਤਰ ਪੁੱਜੇ। 

ਕੇਜਰੀਵਾਲ ਨੇ ਜੰਤਰ-ਮੰਤਰ ’ਤੇ ਪਹੁੰਚ ਕੇ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 3 ਦਿਨ ਪਹਿਲਾਂ ਇਕ ਕਾਨੂੰਨ ਲੈ ਕੇ ਆਈ ਹੈ। ਉਸ ’ਚ ਲਿਖ ਦਿੱਤਾ ਕਿ ਹੁਣ ਤੋਂ ਦਿੱਲੀ ਸਰਕਾਰ ਦਾ ਮਤਲਬ ਐੱਲ. ਜੀ. ਹੋਵੇਗਾ। ਇਸ ਬਿੱਲ ਤੋਂ ਦਿੱਲੀ ਦੇ ਲੋਕ ਦੁਖੀ ਹਨ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਉੱਪ ਰਾਜਪਾਲ ਦੀ ਸਰਕਾਰ ਹੋਵੇਗੀ ਤਾਂ ਦਿੱਲੀ ਵਿਚ ਚੋਣਾਂ ਕਰਾਉਣ ਦਾ ਕੀ ਮਤਲਬ? ਦਿੱਲੀ ਦਾ ਮੁੱਖ ਮੰਤਰੀ ਕਿੱਥੇ ਜਾਵੇਗਾ? ਭਾਜਪਾ, ਦਿੱਲੀ ’ਚ ਚੁਣੀ ਹੋਈ ਸਰਕਾਰ ਨੂੰ ਡਿਗਾਉਣਾ ਚਾਹੁੰਦੀ ਹੈ।

ਕੇਜਰੀਵਾਲ ਨੇ ਬਿੱਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ’ਚ ਲਿਖਿਆ ਗਿਆ ਹੈ ਕਿ ਹੁਣ ਦਿੱਲੀ ਦੀਆਂ ਸਾਰੀਆਂ ਫਾਈਲਾਂ ਐੱਲ. ਜੀ. ਕੋਲ ਜਾਇਆ ਕਰਨੀਆਂ। 2018 ’ਚ ਸੁਪਰੀਮ ਕੋਰਟ ਨੇ ਆਦੇਸ਼ ’ਚ ਕਿਹਾ ਸੀ ਦਿੱਲੀ ’ਚ ਕੋਈ ਵੀ ਫਾਈਲ ਐੱਲ. ਜੀ. ਕੋਲ ਨਹੀਂ ਜਾਵੇਗੀ। ਇਹ ਜਨਤਾ, ਸੁਪਰੀਮ ਕੋਰਟ, ਸੰਵਿਧਾਨ ਨੂੰ ਨਹੀਂ ਮੰਨਦੇ। ਇਹ ਸਾਡੇ ਨਾਲ ਧੋਖਾ ਹੈ। ਦਿੱਲੀ ’ਚ ਚੁਣੀ ਹੋਈ ਸਰਕਾਰ ਹੈ। ਚੁਣੀ ਹੋਈ ਸਰਕਾਰ ਕੋਲ ਸ਼ਕਤੀਆਂ ਹੋਣੀਆਂ ਚਾਹੀਦੀ ਹੈ। ਭਾਰਤ ਜਨਤੰਤਰ ਹੈ, ਜਨਤਾ ਜਿਸ ਸਰਕਾਰ ਨੂੰ ਚੁਣਦੀ ਹੈ, ਸਾਰੀਆਂ ਸ਼ਕਤੀਆਂ ਉਸ ਕੋਲ ਹੋਣੀਆਂ ਚਾਹੀਦੀਆਂ ਹਨ। 

ਦਿੱਲੀ ਦੀ ਸਰਕਾਰ ਨੇ ਕਈ ਚੰਗੇ ਕੰਮ ਕੀਤੇੇ। ਆਮ ਆਦਮੀ ਪਾਰਟੀ ਨੇ ਕਈ ਚੰਗੇ ਕੰਮ ਕੀਤੇ। ਭਾਜਪਾ ਨਹੀਂ ਚਾਹੁੰਦੀ ਕਿ ‘ਆਪ’ ਪਾਰਟੀ ਦਿੱਲੀ ’ਚ ਚੰਗਾ ਕੰਮ ਕਰੇ। ਕੇਜਰੀਵਾਲ ਨੇ ਕਿਹਾ ਕਿ ਮੁਕਾਬਲਾ ਤਾਂ ਚੰਗੇ ਕੰਮ ਦਾ ਹੋਣਾ ਚਾਹੀਦਾ ਹੈ, ਤੁਸੀਂ ਵੀ ਚੰਗਾ ਕਰੋ। ਜੇਕਰ ਤੁਹਾਨੂੰ ਵੋਟਾਂ ਚਾਹੀਦੀਆਂ ਹਨ, ਤੁਸੀਂ ਵੀ ਦੂਜੀ ਥਾਂ ਚੰਗੇ ਕੰਮ ਕਰੋ। ਜਿਵੇਂ ਦਿੱਲੀ ‘ਆਪ’ ਪਾਰਟੀ ਚੰਗੇ ਕੰਮ ਕਰ ਰਹੀ ਹੈ। 


author

Tanu

Content Editor

Related News