ਨਿੱਜੀ ਹਸਪਤਾਲਾਂ ''ਚ ਕੋਵਿਡ-19 ਦੇ ਇਲਾਜ ਦਾ ਮੁੱਲ ਯਕੀਨੀ ਕਰੇਗੀ ਹਰਿਆਣਾ ਸਰਕਾਰ
Tuesday, Jun 23, 2020 - 06:01 PM (IST)

ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਕਿਹਾ ਕਿ ਨਿੱਜੀ ਹਸਪਤਾਲਾਂ 'ਚ ਕੋਵਿਡ-19 ਦੇ ਇਲਾਜ ਦਾ ਮੁੱਲ ਯਕੀਨੀ ਕਰਨ ਸੰਬੰਧੀ ਜਲਦ ਹੀ ਇਕ ਆਦੇਸ਼ ਜਾਰੀ ਕੀਤਾ ਜਾਵੇਗਾ। ਵਿਜ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਦੀ ਪ੍ਰਕਿਰਿਆ 'ਤੇ ਚਰਚਾ ਕੀਤੀ ਹੈ ਅਤੇ ਇਕ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ। ਵਿਜ ਨੇ ਕਿਹਾ,'' ਨਿੱਜੀ ਹਸਪਤਾਲਾਂ 'ਚ ਇਲਾਜ ਲਈ ਅਸੀਂ ਮੁੱਲ ਤੈਅ ਕਰ ਦੇਵਾਂਗੇ। ਮੈਂ ਇਸ ਬਾਰੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।''
ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿੱਜੀ ਹਸਪਤਾਲਾਂ 'ਚ ਕੁਆਰੰਟੀਨ 'ਚ ਰੱਖੇ ਜਾਣ, ਵੈਂਟੀਲੇਟਰ ਨਾਲ ਆਈ.ਸੀ.ਯੂ., ਬਿਨਾਂ ਵੈਂਟੀਲੇਟਰ ਆਈ.ਸੀ.ਯੂ. ਅਤੇ ਦਵਾਈਆਂ ਦਾ ਮੁੱਲ ਤੈਅ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਸਰਕਾਰੀ ਹਸਪਤਾਲਾਂ 'ਚ ਇਲਾਜ ਮੁਫ਼ਤ ਉਪਲੱਬਧ ਹੈ ਅਤੇ ਸਰਕਾਰ ਉਨ੍ਹਾਂ ਨੂੰ ਵੀ ਉੱਚਿਤ ਮੁੱਲ 'ਤੇ ਇਲਾਜ ਮੁਹੱਈਆ ਕਰਵਾਉਣਾ ਚਾਹੁੰਦੀ ਹੈ, ਜੋ ਨਿੱਜੀ ਹਸਪਤਾਲਾਂ 'ਚ ਜਾਣਾ ਚਾਹੁੰਦੇ ਹਨ। ਵਿਜ ਨੇ ਕਿਹਾ ਕਿ ਜਾਂਚ 'ਚ ਤੇਜ਼ੀ ਲਿਆਉਣ ਲਈ ਹਰਿਆਣਾ ਸਰਕਾਰ ਨੇ ਐਂਟੀਜੇਨ ਆਧਾਰਤ ਇਕ ਲੱਖ ਜਾਂਚ ਯੰਤਰ ਖਰੀਦਣ ਲਈ ਸੋਮਵਾਰ ਨੂੰ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੰਤਰ ਆਈ.ਸੀ.ਐੱਮ.ਆਰ. ਵਲੋਂ ਮਾਨਤਾ ਪ੍ਰਾਪਤ ਹਨ ਅਤੇ ਇਨ੍ਹਾਂ ਨਾਲ ਜਾਂਚ ਦੀ ਦਰ 'ਚ ਜ਼ਿਕਰਯੋਗ ਤੇਜ਼ੀ ਆਏਗੀ।