ਸਵਾਰੀਆਂ ਨੂੰ ਲੈ ਕੇ ਭਿੜੇ ਪ੍ਰਾਈਵੇਟ ਅਤੇ ਰੋਡਵੇਜ਼ ਬੱਸ ਡਰਾਈਵਰ, ਜੰਮ ਕੇ ਚੱਲੇ ਲੱਤਾਂ-ਮੁੱਕੇ
Friday, Jan 24, 2025 - 04:17 PM (IST)
ਅੰਬਾਲਾ- ਅੰਬਾਲਾ-ਜਗਾਧਰੀ ਹਾਈਵੇਅ ਸਥਿਤ ਮਹੇਸ਼ ਨਗਰ ਵਿਚ ਬੱਸ 'ਚ ਸਵਾਰੀਆਂ ਭਰਨ ਨੂੰ ਲੈ ਕੇ ਪ੍ਰਾਈਵੇਟ ਬੱਸ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਰੋਡਵੇਜ਼ ਬੱਸ ਡਰਾਈਵਰ ਨਾਲ ਕੁੱਟਮਾਰ ਕੀਤੀ। ਕੁੱਟਮਾਰ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ। ਇਹ ਦੋਵੇਂ ਬੱਸਾਂ ਕੈਂਟ ਬੱਸ ਸਟੈਂਡ ਤੋਂ ਸਢੌਰਾ ਵੱਲ ਜਾ ਰਹੀਆਂ ਸਨ। ਇਸ ਮਾਮਲੇ 'ਤੇ ਮਹੇਸ਼ ਨਗਰ ਥਾਣਾ ਪੁਲਸ ਨੇ ਪ੍ਰਾਈਵੇਟ ਬੱਸ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸਵਾਰੀਆਂ ਬੱਸ 'ਚ ਬਿਠਾਉਣ ਅਤੇ ਅੱਗੇ ਨਿਕਲਣ ਦੇ ਚੱਲਦੇ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਹਰਿਆਣਾ ਰੋਡਵੇਜ਼ ਬੱਸ ਦੇ ਡਰਾਈਵਰ ਨਾਲ ਮਹੇਸ਼ ਨਗਰ ਵਿਚ ਬੱਸ ਨੂੰ ਰੁਕਵਾ ਕੇ ਕੁੱਟਮਾਰ ਕੀਤੀ। ਇਸ ਦੌਰਾਨ ਰੋਡਵੇਜ਼ ਬੱਸ ਵਿਚ ਹਰਿਆਣਾ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਵੀ ਇਸੇ ਬੱਸ ਵਿਚ ਸਵਾਰ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਅੰਬਾਲਾ ਤੋਂ ਸੰਢੌਰਾ ਜਾਣ ਵਾਲੀ ਮਿੱਤਲ ਟਰਾਂਸਪੋਰਟ ਦੀ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਕੈਪਿਟਲ ਸਿਨੇਮਾ ਤੋਂ ਉਨ੍ਹਾਂ ਦੀ ਬੱਸ ਦਾ ਪਿੱਛਾ ਸ਼ੁਰੂ ਕੀਤਾ ਅਤੇ ਆਪਣੀ ਬੱਸ ਨੂੰ ਤੇਜ਼ ਰਫ਼ਤਾਰ ਨਾਲ ਦੌੜਾਉਂਦੇ ਹੋਏ ਅੱਗੇ ਨਿਕਲ ਗਿਆ। ਇਸ ਤਰ੍ਹਾਂ ਰੋਡਵੇਜ਼ ਬੱਸ ਨੂੰ ਮਹੇਸ਼ ਨਗਰ ਤੱਕ ਅੱਗੇ ਨਹੀਂ ਨਿਕਲਣ ਦਿੱਤਾ।
ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਪ੍ਰਾਈਵੇਟ ਬੱਸ ਡਰਾਈਵਰ ਨੇ ਆਪਣੀ ਬੱਸ ਅੱਗੇ ਜਾ ਕੇ ਰੋਡਵੇਜ਼ ਦੀ ਬੱਸ ਨੂੰ ਰੋਕਿਆ, ਡਰਾਈਵਰ ਨੂੰ ਹੇਠਾਂ ਸੁੱਟ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਰੋਡਵੇਜ਼ ਡਰਾਈਵਰ ਜ਼ਖ਼ਮੀ ਹੋ ਗਿਆ। ਹਾਲਾਂਕਿ ਬੱਸ ਵਿਚ ਬੈਠੀਆਂ ਸਵਾਰੀਆਂ ਨੇ ਉਸ ਨੂੰ ਪ੍ਰਾਈਵੇਟ ਬੱਸ ਡਰਾਈਵਰ ਨਾਲ ਝਗੜਾ ਨਾ ਕਰਨ ਦੀ ਬੇਨਤੀ ਵੀ ਕੀਤੀ ਪਰ ਪ੍ਰਾਈਵੇਟ ਬੱਸ ਮੁਲਾਜ਼ਮਾਂ ਨੇ ਗੱਲ ਨਹੀਂ ਮੰਨੀ ਅਤੇ ਰੋਡਵੇਜ਼ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ। ਬੱਸ ਡਰਾਈਵਰ ਦਾ ਅੰਬਾਲਾ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਅਤੇ ਪ੍ਰਾਈਵੇਟ ਬੱਸ ਡਰਾਈਵਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਹੇਸ਼ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ।