'ਪ੍ਰਧਾਨ ਮੰਤਰੀ ਮੋਦੀ ਟਰੰਪ ਤੋਂ ਡਰੇ ਹੋਏ ਹਨ', ਰਾਹੁਲ ਗਾਂਧੀ ਦਾ ਨਵਾਂ ਦਾਅਵਾ
Thursday, Oct 16, 2025 - 11:45 AM (IST)

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਨਵੇਂ ਦਾਅਵੇ ਨੂੰ ਲੈ ਕੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੋਨਾਲਡ ਟਰੰਪ ਤੋਂ ਡਰੇ ਹੋਏ ਹਨ। ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਭਰੋਸਾ ਦਿੱਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, "ਉਹ (ਮੋਦੀ) ਮੇਰੇ ਦੋਸਤ ਹਨ। ਸਾਡੇ ਬਹੁਤ ਚੰਗੇ ਸਬੰਧ ਹਨ। ਮੇਰੇ ਦੋਸਤ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਰੂਸ ਤੋਂ ਕੋਈ ਤੇਲ ਖਰੀਦਦਾਰੀ ਨਹੀਂ ਹੋਵੇਗੀ।"
ਪੜ੍ਹੋ ਇਹ ਵੀ : ਦੀਵਾਲੀ 'ਤੇ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦਾ ਰੇਟ
ਰਾਹੁਲ ਗਾਂਧੀ ਨੇ ਐਕਸ 'ਤੇ ਪੋਸਟ ਕੀਤਾ, "ਪ੍ਰਧਾਨ ਮੰਤਰੀ ਮੋਦੀ ਟਰੰਪ ਤੋਂ ਡਰਦੇ ਹਨ। ਉਨ੍ਹਾਂ ਨੇ ਟਰੰਪ ਨੂੰ ਫ਼ੈਸਲਾ ਲੈਣ ਅਤੇ ਇਹ ਐਲਾਨ ਕਰਨ ਦੀ ਇਜਾਜ਼ਤ ਦਿੱਤੀ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ।" ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਆਲੋਚਨਾ ਦੇ ਬਾਵਜੂਦ ਟਰੰਪ ਨੂੰ ਪ੍ਰਸ਼ੰਸਾ ਦੇ ਸੁਨੇਹੇ ਭੇਜ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ, "ਵਿੱਤ ਮੰਤਰੀ ਦਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਗਿਆ ਸੀ। ਸ਼ਰਮ ਅਲ-ਸ਼ੇਖ (ਗਾਜ਼ਾ ਸ਼ਾਂਤੀ ਪ੍ਰਸਤਾਵ ਨਾਲ ਸਬੰਧਤ ਸੰਮੇਲਨ) ਵਿੱਚ ਸ਼ਾਮਲ ਨਹੀਂ ਹੋਏ ਸਨ। ਆਪ੍ਰੇਸ਼ਨ ਸਿੰਦੂਰ 'ਤੇ ਟਰੰਪ ਦੇ ਦਾਅਵੇ ਦਾ ਖੰਡਨ ਨਹੀਂ ਕੀਤਾ ਗਿਆ।"
ਪੜ੍ਹੋ ਇਹ ਵੀ : Youtube ਦਾ Server Down! ਯੂਜ਼ਰਸ ਹੋਏ ਪਰੇਸ਼ਾਨ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨੂੰ ਮੁੱਖ ਫੈਸਲੇ "ਆਊਟਸੋਰਸ" ਕੀਤੇ ਹਨ। ਉਹਨਾਂ ਨੇ 'X' 'ਤੇ ਪੋਸਟ ਕੀਤਾ, "10 ਮਈ, 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:37 ਵਜੇ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਨੂੰ ਰੋਕ ਦਿੱਤਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ 5 ਵੱਖ-ਵੱਖ ਦੇਸ਼ਾਂ ਵਿੱਚ 51 ਵਾਰ ਦਾਅਵਾ ਕੀਤਾ ਕਿ ਉਹਨਾਂ ਟੈਰਿਫ ਅਤੇ ਵਪਾਰ ਨੂੰ ਆਪਣੇ ਦਬਾਅ ਦੇ ਸਾਧਨ ਵਜੋਂ ਵਰਤਦੇ ਹੋਏ ਆਪ੍ਰੇਸ਼ਨ ਸਿੰਦੂਰ ਨੂੰ ਰੋਕਣ ਲਈ ਦਖਲ ਦਿੱਤਾ ਸੀ। ਫਿਰ ਵੀ, ਸਾਡੇ ਪ੍ਰਧਾਨ ਮੰਤਰੀ ਚੁੱਪ ਰਹੇ।"
ਉਨ੍ਹਾਂ ਕਿਹਾ, "ਹੁਣ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਆਯਾਤ ਨਹੀਂ ਕਰੇਗਾ।" ਰਮੇਸ਼ ਨੇ ਦਾਅਵਾ ਕੀਤਾ, "ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਫੈਸਲੇ ਅਮਰੀਕਾ ਨੂੰ ਆਊਟਸੋਰਸ ਕੀਤੇ ਜਾਪਦੇ ਹਨ। ਉਨ੍ਹਾਂ ਦੀ 56 ਇੰਚ ਦੀ ਛਾਤੀ ਸੁੰਗੜ ਗਈ ਹੈ।" ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਇਸ ਸਾਲ ਮਈ ਵਿੱਚ ਪਾਕਿਸਤਾਨੀ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਦੁਆਰਾ ਸੰਪਰਕ ਕੀਤੇ ਜਾਣ 'ਤੇ ਫੌਜੀ ਕਾਰਵਾਈ ਨੂੰ ਮੁਅੱਤਲ ਕਰਨ 'ਤੇ ਵਿਚਾਰ ਕੀਤਾ ਗਿਆ ਸੀ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ