ਨਗਰਨਾਰ ਆਇਰਨ ਪਲਾਂਟ ਨੂੰ ਵੇਚਣ ਦੀ ਤਿਆਰੀ, ਪ੍ਰਧਾਨ ਮੰਤਰੀ ਆਪਣੇ ਵਾਅਦੇ ਤੋਂ ਮੁਕਰੇ

Saturday, Aug 17, 2024 - 02:00 PM (IST)

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਛੱਤੀਸਗੜ੍ਹ ’ਚ ਹੁਣ ਨਗਰਨਾਰ ਆਇਰਨ ਪਲਾਂਟ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਇਸ ਦਾ ਨਿੱਜੀਕਰਣ ਨਹੀਂ ਕੀਤਾ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਪਲਾਂਟ ਆਰਥਿਕ ਸਾਲ 2025 ਦੇ ਅਖੀਰ ਤੱਕ ਨਿੱਜੀਕਰਿਤ ਹੋਣਾ ਯਕੀਨੀ ਲੱਗਦਾ ਹੈ। ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਕਿਹਾ, ‘‘ਤੇਰਾ ਵਾਅਦਾ ਕੀ ਹੋਇਆ, ਉਹ ਕਸਮ, ਉਹ ਇਰਾਦਾ।  

ਇੰਝ ਲੱਗਦਾ ਹੈ ਕਿ ਬਸਤਰ ਦੇ ਐੱਨ.ਐੱਮ.ਡੀ.ਸੀ. (ਰਾਸ਼ਟਰੀ ਖਣਿਜ ਵਿਕਾਸ ਨਿਗਮ) ਦੇ ਆਇਰਨ ਪਲਾਂਟ ਦਾ ਆਰਥਿਕ ਸਾਲ 2025 ਦੇ ਅਖੀਰ ਤੱਕ ਨਿੱਜੀਕਰਣ ਯਕੀਨੀ ਹੈ। ਇਸ ਦੀ ਕ੍ਰੋਨੋਲੋਜੀ ਸਮਝੋ।’’ ਉਨ੍ਹਾਂ  ਨੇ ਦਾਅਵਾ ਕੀਤਾ, ‘‘3 ਅਕਤੂਬਰ 2023 ਨੂੰ ‘ਨਾਨ-ਬਾਇਓਲੋਜੀਕਲ’ ਪ੍ਰਧਾਨ ਮੰਤਰੀ ਨੇ ਆਇਰਨ ਪਲਾਂਟ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਨਗਰਨਾਰ ਆਇਰਨ ਪਲਾਂਟ ਬਸਤਰ ਦੇ ਲੋਕਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦੀ ਹੀ ਰਹੇਗੀ। ਸਵੈ-ਐਲਾਨੇ ਚਾਣਕਿਆ ਨੇ 19 ਅਕਤੂਬਰ 2023 ਨੂੰ ਪ੍ਰਧਾਨ ਮੰਤਰੀ ਦੇ ਵਾਅਦੇ ਨੂੰ ਦੁਹਰਾਇਆ ਸੀ ਕਿ ਐੱਨ.ਐੱਮ.ਡੀ.ਸੀ. ਦੇ ਬਸਤਰ ਆਇਰਨ ਪਲਾਂਟ ਦਾ ਨਿੱਜੀਕਰਣ ਨਹੀਂ ਕੀਤਾ ਜਾਵੇਗਾ।'' ਰਮੇਸ਼ ਨੇ ਕਿਹਾ ਕਿ ਛੱਤੀਸਗੜ੍ਹ ’ਚ ਇਸ ਗੱਲ ’ਤੇ ਆਮ ਰਾਏ ਬਣ ਗਈ ਹੈ ਕਿ ਆਇਰਨ ਪਲਾਂਟ ਨੂੰ ਨਹੀਂ ਵੇਚਿਆ ਜਾਣਾ ਚਾਹੀਦਾ।

ਉਨ੍ਹਾਂ ਦੇ ਅਨੁਸਾਰ, ‘‘ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੁਰਾਣੇ ਮੁੱਖ ਮੰਤਰੀ ਰਮਨ ਸਿੰਘ ਨੇ ਅਪ੍ਰੈਲ 2017 ’ਚ ਪ੍ਰਧਾਨ ਮੰਤਰੀ ਨੂੰ ਪਲਾਂਟ ਦੇ ਨਿੱਜੀਕਰਣ ’ਤੇ ਇਤਰਾਜ਼ ਲਗਾਇਆ ਸੀ। ਪੁਰਾਣੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਈ ਮੌਕਿਆਂ 'ਤੇ ਨਿੱਜੀਕਰਣ ਨੂੰ ਲੈ ਕੇ ਇਤਰਾਜ਼ ਲਗਾਇਆ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ, ‘‘ਨੀਤੀ ਆਯੋਗ ਦੀ 21 ਫਰਵਰੀ 2021 ਦੀ ਮੀਟਿੰਗ ’ਚ ਭੂਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਮਤਾ ਰੱਖਿਆ ਸੀ ਕਿ ਸੂਬਾ ਸਰਕਾਰ ਪਲਾਂਟ ਦੇ ਸੰਚਾਲਨ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ।''  ਰਮੇਸ਼ ਨੇ ਦਾਅਵਾ ਕੀਤਾ, ‘‘ਸੂਬੇ ਦੇ ਸਿਆਸੀ ਲੀਡਰਸ਼ਿਪ ਦੀਆਂ ਗੱਲਾਂ 'ਤੇ ਧਿਆਨ ਨਾ ਦੇਣ ਅਤੇ ਆਪਣੇ ਵਾਅਦਿਆਂ ਤੋਂ ਮੁੜਨ ਦੇ ਬਾਅਦ, ‘ਨਾਨ-ਬਾਇਓਲੋਜੀਕਲ' ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਹੁਣ ਨਗਰਨਾਰ ਆਇਰਨ ਪਲਾਂਟ ਨੂੰ ਵੇਚਣ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਰਹੀ ਹੈ। ਇਸ ਨੂੰ ਕੌਣ ਖਰੀਦ ਸਕਦਾ ਹੈ, ਇਹ ਇਕ ਵੱਖਰੀ ਕਹਾਣੀ ਹੈ।’’


Sunaina

Content Editor

Related News