ਜਬਰ-ਜ਼ਨਾਹ ''ਤੇ ਰੋਕ ਲਾਉਣ ਲਈ ''ਰੇਪ ਪਰੂਫ ਪੈਂਟੀ'' ਕੀਤੀ ਤਿਆਰ

Friday, Jan 12, 2018 - 05:31 AM (IST)

ਜਬਰ-ਜ਼ਨਾਹ ''ਤੇ ਰੋਕ ਲਾਉਣ ਲਈ ''ਰੇਪ ਪਰੂਫ ਪੈਂਟੀ'' ਕੀਤੀ ਤਿਆਰ

ਫਾਰੂਖਾਬਾਦ - ਉੱਤਰ ਪ੍ਰਦੇਸ਼ 'ਚ ਅਕਸਰ ਹੀ ਜਬਰ-ਜ਼ਨਾਹ, ਸੈਕਸ ਸ਼ੋਸ਼ਣ ਆਦਿ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਬਰ-ਜ਼ਨਾਹ ਦੇ ਮਾਮਲੇ ਨਾ ਸਿਰਫ ਔਰਤਾਂ ਸਗੋਂ ਹਰ ਉਸ ਘਰ ਦੀ ਸਮੱਸਿਆ  ਬਣ ਗਏ ਹਨ, ਜਿਥੇ ਬੇਟੀਆਂ ਹਨ। ਇਨ੍ਹਾਂ ਸਭ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਫਾਰੂਖਾਬਾਦ ਦੀ ਇਕ ਮੁਟਿਆਰ ਨੇ ਇਕ ਅਜਿਹਾ ਅੰਡਰਗਾਰਮੈਂਟ ਬਣਾਇਆ ਹੈ, ਜਿਸ ਦੀ ਵਰਤੋਂ ਨਾਲ ਔਰਤਾਂ ਅਤੇ ਮੁਟਿਆਰਾਂ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਤੋਂ ਬਚ ਸਕਦੀਆਂ ਹਨ।  ਫਾਰੂਖਾਬਾਦ ਦੀ ਰਹਿਣ ਵਾਲੀ 19 ਸਾਲਾ ਸੀਨੂ ਕੁਮਾਰੀ ਨੇ ਇਕ ਅਜਿਹੀ ਪੈਂਟੀ ਦੀ ਖੋਜ ਕੀਤੀ ਹੈ, ਜੋ ਔਰਤਾਂ ਨੂੰ ਜਬਰ-ਜ਼ਨਾਹ ਤੋਂ  ਬਚਾਏਗੀ। ਇਕ ਸਾਧਾਰਨ ਕਿਸਾਨ ਪਰਿਵਾਰ ਦੀ ਇਹ ਕੁੜੀ ਬੀ. ਐੱਸ. ਸੀ. ਭਾਗ ਤੀਜਾ ਦੀ ਵਿਦਿਆਰਥਣ ਹੈ। ਜਦੋਂ ਉਸ ਕੋਲੋਂ ਇਸ ਸਬੰਧੀ ਪੁੱਛਿਆ ਗਿਆ ਕਿ ਉਸ ਨੂੰ ਇਹ ਆਈਡੀਆ ਕਿਵੇਂ ਆਇਆ ਤਾਂ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ 7 ਸਾਲ ਦੀ ਇਕ ਬੱਚੀ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਸ ਦੇ ਦਿਮਾਗ 'ਚ ਇਸ ਤਰ੍ਹਾਂ ਦਾ ਅੰਡਰਗਾਰਮੈਂਟ ਬਣਾਉਣ ਦਾ ਆਈਡੀਆ ਆਇਆ।
ਉਸ ਨੇ ਦੱਸਿਆ ਕਿ ਇਹ ਅੰਡਰਗਾਰਮੈਂਟ ਜਬਰ-ਜ਼ਨਾਹ ਪਰੂਫ ਹੈ। ਇਸ ਨੂੰ ਆਸਾਨੀ ਨਾਲ ਕੱਟਿਆ ਜਾਂ ਪਾੜਿਆ ਨਹੀਂ ਜਾ ਸਕਦਾ। ਇਸ ਅੰਡਰਗਾਰਮੈਂਟ ਨੂੰ ਸਾੜਿਆ ਵੀ ਨਹੀਂ ਜਾ ਸਕਦਾ। ਇਸ 'ਚ ਇਕ ਸਿਸਟੇਮੈਟਿਕ ਲਾਕ ਲੱਗਾ ਹੋਇਆ ਹੈ, ਜੋ ਬਿਨਾਂ ਪਾਸਵਰਡ ਤੋਂ ਨਹੀਂ ਖੁੱਲ੍ਹ ਸਕਦਾ। ਅੰਡਰਗਾਰਮੈਂਟ ਨਾਲ ਛੇੜਖਾਨੀ ਕਰਨ ਜਾਂ ਬਟਨ ਦਬਾਉਣ 'ਤੇ ਪੁਲਸ ਹੈਲਪਲਾਈਨ ਨੰਬਰ 100 ਅਤੇ ਵੂਮੈਨ ਹੈਲਪਲਾਈਨ ਨੰਬਰ 1090 'ਤੇ ਕਾਲ ਚਲੀ ਜਾਵੇਗੀ। ਇਸ 'ਚ ਜੀ. ਪੀ. ਆਰ. ਐੱਸ. ਸਿਸਟਮ ਵੀ ਲੱਗਾ ਹੈ, ਜਿਸ ਦੀ ਮਦਦ ਨਾਲ ਉਹ ਥਾਂ ਲੱਭਣ 'ਚ ਪੁਲਸ ਨੂੰ ਸੌਖ ਹੋਵੇਗੀ ਜਿਥੋਂ ਇਹ ਕਾਲ ਆਈ। ਗੱਲਬਾਤ ਰਿਕਾਰਡ ਕਰਨ ਲਈ ਇਕ ਰਿਕਾਰਡਰ ਵੀ ਲੱਗਾ ਹੈ।


Related News