ਪ੍ਰਗਿਆ ਦੇ ਬਿਆਨ ''ਤੇ ਹੰਗਾਮਾ, ਰਾਜਨਾਥ ਬੋਲੇ- ਗੋਡਸੇ ਨੂੰ ਦੇਸ਼ ਭਗਤ ਮੰਨਣਾ ਨਿੰਦਾਯੋਗ

11/28/2019 12:30:29 PM

ਨਵੀਂ ਦਿੱਲੀ (ਵਾਰਤਾ)— ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਵਲੋਂ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸ ਜਾਣ ਵਿਰੁੱਧ ਲੋਕ ਸਭਾ 'ਚ ਵੀਰਵਾਰ ਨੂੰ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਕਾਂਗਰਸ ਸਮੇਤ ਵਿਰੋਧੀ ਧਿਰ ਨੇ ਸਦਨ ਤੋਂ ਵਾਕ ਆਊਟ ਕੀਤਾ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਸਮੇਤ ਕਈ ਪਾਰਟੀਆਂ ਨੇ ਪ੍ਰਗਿਆ ਦੇ ਬਿਆਨ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਗਿਆ ਦੇ ਬਿਆਨ ਨੂੰ ਸਦਨ ਦੀ ਕਾਰਵਾਈ 'ਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਬਿਆਨ ਰਿਕਾਰਡ 'ਚ ਨਹੀਂ ਹੈ ਤਾਂ ਉਸ 'ਤੇ ਬਹਿਸ ਕਿਵੇਂ ਹੋ ਸਕਦੀ ਹੈ?

PunjabKesari

ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਮੰਨਦਾ ਹੈ ਤਾਂ ਸਾਡੀ ਪਾਰਟੀ ਇਸ ਦੀ ਨਿੰਦਾ ਕਰਦੀ ਹੈ। ਮਹਾਤਮਾ ਗਾਂਧੀ ਸਾਡੇ ਲਈ ਆਦਰਸ਼ ਹਨ। ਉਹ ਸਾਡੇ ਮਾਰਗਦਰਸ਼ਕ ਸਨ ਅਤੇ ਅੱਗੇ ਵੀ ਰਹਿਣਗੇ। ਕਾਂਗਰਸ ਦੇ ਅਧੀਰ ਰੰਜਨ ਨੇ ਕਿਹਾ ਕਿ ਪ੍ਰਗਿਆ ਨੇ ਇਕ ਪਾਰਟੀ ਨੂੰ ਅੱਤਵਾਦੀ ਪਾਰਟੀ ਕਿਹਾ ਸੀ, ਜਦਕਿ ਉਸ ਪਾਰਟੀ ਤੋਂ ਹਜ਼ਾਰਾਂ ਨੇਤਾਵਾਂ ਨੇ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ। ਇਹ ਕੀ ਹੋ ਰਿਹਾ ਹੈ? ਕੀ ਸਦਨ ਇਸ 'ਤੇ ਚੁੱਪ ਰਹੇਗਾ? ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼ ਭਗਤ ਕਿਹਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਦਨ ਵਿਚ ਐੱਸ. ਪੀ. ਜੀ. ਬਿੱਲ 'ਤੇ ਚਰਚਾ ਦੌਰਾਨ ਪ੍ਰਗਿਆ ਨੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ, ਜਿਸ 'ਤੇ ਕਾਫੀ ਹੰਗਾਮਾ ਹੋਇਆ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਸ ਸਮੇਂ ਸਪੱਸ਼ਟ ਕਰ ਦਿੱਤਾ ਸੀ ਕਿ ਪ੍ਰਗਿਆ ਠਾਕੁਰ ਦਾ ਬਿਆਨ ਲੋਕ ਸਭਾ ਦੀ ਕਾਰਵਾਈ ਦਾ ਹਿੱਸਾ ਨਹੀਂ ਹੋਵੇਗਾ।


Tanu

Edited By Tanu