ਪਹਿਲਗਾਮ ਹਮਲੇ ਦੇ 3 ਅੱਤਵਾਦੀਆਂ ਦੇ ਪੋਸਟਰ ਜਾਰੀ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 20 ਲੱਖ ਦਾ ਇਨਾਮ
Tuesday, May 13, 2025 - 10:19 AM (IST)

ਜੰਮੂ- 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਕਰਨ ਵਾਲੇ ਅੱਤਵਾਦੀ ਅਜੇ ਤੱਕ ਸੁਰੱਖਿਆ ਬਲਾਂ ਦੇ ਹੱਥ ਨਹੀਂ ਲੱਗੇ ਹਨ। ਹੁਣ ਸੁਰੱਖਿਆ ਏਜੰਸੀਆਂ ਅਤੇ ਪੁਲਸ ਨੇ ਪਹਿਲਗਾਮ ਕਤਲਕਾਂਡ ਲਈ ਜ਼ਿੰਮੇਵਾਰ ਤਿੰਨ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਹਨ। ਪੁਲਸ ਨੇ ਦੱਖਣੀ ਕਸ਼ਮੀਰ ਵਿਚ ਕਈ ਥਾਵਾਂ 'ਤੇ 3 ਵਾਂਟੇਡ ਅੱਤਵਾਦੀਆਂ ਦੇ ਪੋਸਟਰ ਚਿਪਕਾਏ ਹਨ। ਇਨ੍ਹਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 20 ਲੱਖ ਦਾ ਇਨਾਮ ਦਾ ਐਲਾਨ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਮਲੇ ਨੂੰ ਅੰਜਾਮ ਦੇਣ ਮਗਰੋਂ ਇਹ ਅੱਤਵਾਦੀ ਦੱਖਣੀ ਕਸ਼ਮੀਰ ਦੇ ਸੰਘਣੇ ਜੰਗਲਾਂ ਵਿਚ ਲੁੱਕੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫ਼ੌਜ ਵਲੋਂ ਇਨ੍ਹਾਂ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਸਨ।
ਦੱਸ ਦੇਈਏ ਕਿ ਪਹਿਲਗਾਮ ਦੇ ਬੈਸਰਨ ਘਾਟੀ ਵਿਚ ਹੋਏ ਅੱਤਵਾਦੀ ਹਮਲੇ ਵਿਚ ਅੱਤਵਾਦੀਆਂ ਵਲੋਂ 26 ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਨ੍ਹਾਂ ਅੱਤਵਾਦੀਆਂ ਨੇ 15 ਤੋਂ 20 ਮਿੰਟ ਤੱਕ ਏਕੇ-47 ਤੋਂ ਫਾਇਰਿੰਗ ਕੀਤੀ ਸੀ। ਅੱਤਵਾਦੀਆਂ ਵਲੋਂ ਸੈਲਾਨੀਆਂ ਨੂੰ ਕਲਮਾ ਪੜ੍ਹ ਲਈ ਕਿਹਾ ਗਿਆ ਅਤੇ ਫਿਰ ਗੋਲੀਆਂ ਮਾਰੀਆਂ ਗਈਆਂ।
ਗੋਲੀ ਲੱਗਣ ਤੋਂ ਜ਼ਖਮੀ ਹੋਏ ਲੋਕ ਜ਼ਮੀਨ 'ਤੇ ਡਿੱਗ ਪਏ। ਕੁਝ ਔਰਤਾਂ, ਬੱਚੇ ਅਤੇ ਪੁਰਸ਼ ਵੱਖ-ਵੱਖ ਥਾਵਾਂ 'ਤੇ ਲੁੱਕੇ ਹੋਏ ਸਨ। ਸੀ. ਆਰ. ਪੀ. ਐੱਫ. ਦੀ ਟੀਮ ਨੇ ਜ਼ਖਮੀਆਂ ਨੂੰ ਬਚਾਇਆ ਅਤੇ ਹਮਲਾਵਰਾਂ ਦੀ ਭਾਲ ਲਈ ਖੇਤਰ ਦੀ ਤਲਾਸ਼ੀ ਵੀ ਲਈ ਕਿਉਂਕਿ ਟੀਮ ਨੂੰ ਇਹ ਪਤਾ ਲੱਗ ਗਿਆ ਸੀ ਕਿ ਅੱਤਵਾਦੀ ਹਮਲਾ ਹੋਇਆ ਹੈ। ਉਦੋਂ ਤੱਕ ਜੰਮੂ-ਕਸ਼ਮੀਰ ਪੁਲਸ ਦੇ ਸਥਾਨਕ ਥਾਣਾ ਮੁਖੀ ਘਟਨਾ ਵਾਲੀ ਥਾਂ 'ਤੇ ਪਹੁੰਚ ਚੁੱਕੇ ਸਨ।