ਦਿੱਲੀ ’ਚ ਵੋਟਰਾਂ ਨੂੰ ਲੁਭਾਉਣ ਲਈ ਉਤਪਾਦਾਂ ’ਤੇ ਆਕਰਸ਼ਕ ਸੰਦੇਸ਼ ਲਿਖ ਰਹੀਆਂ ਸਿਆਸੀ ਪਾਰਟੀਆਂ
Monday, Jan 20, 2025 - 05:53 PM (IST)

ਨਵੀਂ ਦਿੱਲੀ- ਦਿੱਲੀ ’ਚ ਰਾਜਨੀਤਕ ਮਾਹੌਲ ਗਰਮ ਹੈ ਅਤੇ ਵਰਕਰ ਰਾਜਨੀਤਕ ਪਾਰਟੀਆਂ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਆਕਰਸ਼ਕ ਨਾਅਰਿਆਂ ਵਾਲੇ ਵੱਖ-ਵੱਖ ਰਚਨਾਤਮਕ ਤੌਰ ’ਤੇ ਤਿਆਰ ਕੀਤੇ ਉਤਪਾਦਾਂ ਦਾ ਸਹਾਰਾ ਲੈ ਰਹੇ ਹਨ ਅਤੇ ਸੰਦੇਸ਼ ਲਿਖੇ ਜਾ ਰਹੇ ਹਨ।
ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਹੋਰ ਪਾਰਟੀਆਂ ਵੱਖ-ਵੱਖ ਉਤਪਾਦਾਂ ’ਤੇ ਲਿਖੇ ਮਜ਼ਾਕੀਆ, ਆਕਰਸ਼ਕ ਅਤੇ ਨਿੱਜੀ ਤੌਰ ’ਤੇ ਆਕਰਸ਼ਕ ਸੰਦੇਸ਼ਾਂ ਦੀ ਵਰਤੋਂ ਕਰ ਕੇ ਚੋਣ ਦੌੜ ’ਚ ਇਕ-ਦੂਜੇ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਰਦੀਆਂ ਦੇ ਮੌਸਮ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਕਾਰਕੁੰਨ ਸਵੈਟਰ, ਸਟੋਲ, ਟੀ-ਸ਼ਰਟਾਂ, ਸਕਾਰਫ਼, ਧੁੱਪ ਦੀਆਂ ਐਨਕਾਂ, ਚਾਬੀਆਂ ਦੇ ਰਿੰਗ, ਕਾਰ ਦੇ ਝੰਡੇ ਅਤੇ ਕੱਟਆਊਟ, ਪੈੱਨ, ਪੋਸਟਰ ਅਤੇ ਇਥੋਂ ਤੱਕ ਕਿ ਮਾਊਸਪੈਡ ਵੀ ਵੰਡ ਰਹੇ ਹਨ।
ਪਾਰਟੀ ਦੇ ਚਿੰਨ੍ਹ ਅਤੇ ਨਾਅਰੇ ਵਾਲੇ ਇਹ ਵਿਲੱਖਣ ਉਤਪਾਦ ਸਿਰਫ਼ ਇਕ ਪ੍ਰਚਾਰ ਦਾ ਸਾਧਨ ਨਹੀਂ ਹਨ, ਸਗੋਂ ਸਮਰਥਕਾਂ ਨੂੰ ਵਧੇਰੇ ਨਿੱਜੀ ਅਤੇ ਜੀਵੰਤ ਤਰੀਕੇ ਨਾਲ ਜੋੜਨ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਵੀ ਹਨ। ਇਕ ਨੇਤਾ ਨੇ ਕਿਹਾ ‘ਆਪ’ ਨੇ ਆਪਣੇ ਪ੍ਰਚਾਰ ਲਈ ਨੀਲੇ ਅਤੇ ਪੀਲੇ ਰੰਗ ਦੇ ਸਵੈਟਰ ਅਤੇ ਸਟੋਲ ਪੇਸ਼ ਕੀਤੇ ਹਨ। ਇਨ੍ਹਾਂ ਦੇ ਸਾਹਮਣੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਚਿਹਰਾ ਅਤੇ ਪਿਛਲੇ ਪਾਸੇ ਪਾਰਟੀ ਦਾ ਚੋਣ ਚਿੰਨ੍ਹ ਹੈ, ਜੋ ਇਨ੍ਹਾਂ ਨੂੰ ਪਹਿਲੀ ਨਜ਼ਰ ’ਚ ਹੀ ਵੱਖਰਾ ਬਣਾਉਂਦਾ ਹੈ।
ਸਦਰ ਬਾਜ਼ਾਰ ’ਚ ਰਾਜਨੀਤਕ ਸਾਮਾਨ ਦੇ ਇਕ ਪ੍ਰਮੁੱਖ ਸਪਲਾਇਰ ਵਿਕਰਮ ਨੇ ਕਿਹਾ ਕਿ ‘ਆਪ’ ਨੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਚਾਬੀਆਂ ਦੇ ਗੁੱਛੇ, ਰਿਸਟ ਬੈਂਕ, ਬੈਜ ਅਤੇ ਕਾਰ ’ਤੇ ਲਗਾਏ ਜਾਣ ਵਾਲੇ ਝੰਡੇ ਵੀ ਆਰਡਰ ਕੀਤੇ ਹਨ। ਵਿਕਰਮ ਨੇ ਕਿਹਾ ਕਿ ਅਸੀਂ ਚੋਣ ਰੈਲੀਆਂ ਲਈ 2,000 ਤੋਂ 2,500 ਵੱਡੇ ਝੰਡਿਆਂ ਅਤੇ 5,000 ਛੋਟੇ ਝੰਡਿਆਂ ਦੇ ਬੰਡਲ ਤਿਆਰ ਕੀਤੇ ਹਨ। ਝੰਡਿਆਂ ਦੀ ਕੀਮਤ ਸਮੱਗਰੀ ਅਤੇ ਸਾਈਜ਼ ਦੇ ਆਧਾਰ ’ਤੇ ਪ੍ਰਤੀ ਝੰਡਾ 2.50 ਰੁਪਏ ਤੋਂ ਲੈ ਕੇ 165 ਰੁਪਏ ਤੱਕ ਹੁੰਦੀ ਹੈ। ਆਪਣੀ ਚੋਣ ਮੁਹਿੰਮ ’ਚ ਭਾਜਪਾ ਵੀ ਅਜਿਹੇ ਉਤਪਾਦਾਂ ਦੀ ਮਦਦ ਲੈ ਰਹੀ ਹੈ, ਜੋ ਵੱਖਰੇ ਹਨ ਅਤੇ ਇਕ ਨਜ਼ਰ ’ਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।
ਵਿਕਰਮ ਨੇ ਕਿਹਾ ਕਿ ਪਾਰਟੀ ਨੇ ਸੰਤਰੀ ਰੰਗ ਦੀਆਂ ਐਨਕਾਂ ਦਾ ਆਰਡਰ ਦਿੱਤਾ ਹੈ, ਜਿਨ੍ਹਾਂ ’ਤੇ ਪਾਰਟੀ ਦਾ ਨਾਂ ਚਿੱਟੇ ਰੰਗ ’ਚ ਲਿਖਿਆ ਹੋਇਆ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਵੀ ਆਰਡਰ ਕੀਤੀਆਂ ਹਨ, ਜਿਨ੍ਹਾਂ ’ਤੇ ਲੋਕ ਆਪਣੀਆਂ ਤਸਵੀਰਾਂ ਵੀ ਛਾਪ ਸਕਦੇ ਹਨ।