ਕਸ਼ਮੀਰ ''ਚ ਸ਼ਾਂਤੀ ਲਈ ਸਿਆਸੀ ਪਹਿਲ ਵੀ ਜ਼ਰੂਰੀ : ਜਨਰਲ ਰਾਵਤ

01/15/2018 2:20:26 AM

ਨਵੀਂ ਦਿੱਲੀ— ਜ਼ਮੀਨੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਨੂੰ ਖਤਮ ਕਰਨ ਲਈ ਫੌਜ ਦਾ ਆਪਰੇਸ਼ਨ ਜਾਰੀ ਰਹੇਗਾ। ਉਨ੍ਹਾਂ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਇਸਦੇ ਲਈ ਸਿਆਸੀ ਪਹਿਲ ਦੇ ਨਾਲ-ਨਾਲ ਫੌਜੀ ਆਪਰੇਸ਼ਨ ਵੀ ਜਾਰੀ ਰਹਿਣਾ ਚਾਹੀਦਾ ਹੈ। ਸਰਹੱਦ ਪਾਰੋਂ ਅੱਤਵਾਦ ਰੋਕਣ ਲਈ ਪਾਕਿਸਤਾਨ 'ਤੇ ਦਬਾਅ ਪਾਉਣ ਲਈ ਜਨਰਲ ਰਾਵਤ ਨੇ ਫੌਜ ਦੀ ਹਮਲਾਵਰ ਕਾਰਵਾਈ 'ਤੇ ਵੀ ਜ਼ੋਰ ਦਿੱਤਾ।
ਐਤਵਾਰ ਨੂੰ ਇਕ ਵਿਸ਼ੇਸ਼ ਇੰਟਰਵਿਊ ਵਿਚ ਫੌਜ ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਮੌਜੂਦ ਹਥਿਆਰਬੰਦ ਬਲ ਮੌਜੂਦਾ ਸਥਿਤੀ ਵਿਚ ਹੀ ਬਣੇ ਨਹੀਂ ਰਹਿ ਸਕਦੇ। ਉਨ੍ਹਾਂ ਲਈ ਹਾਲਾਤ ਦਾ ਸਾਹਮਣਾ ਕਰਨ ਲਈ ਨਵੀਂ ਰਣਨੀਤੀ ਅਤੇ ਜੰਗੀ ਨੀਤੀ ਵਿਕਸਿਤ ਕਰਨ ਦੀ ਲੋੜ ਹੈ।
ਜਨਰਲ ਰਾਵਤ ਨੇ ਕਿਹਾ, ''ਸਿਆਸੀ ਪਹਿਲ ਅਤੇ ਦੂਸਰੇ ਸਾਰੇ ਉਪਾਅ ਨਾਲ-ਨਾਲ ਚੱਲਣੇ ਚਾਹੀਦੇ ਹਨ ਅਤੇ ਜਦੋਂ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਤਾਂ ਕਸ਼ਮੀਰ ਵਿਚ ਸ਼ਾਂਤੀ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਸਾਨੂੰ ਸਿਆਸੀ-ਫੌਜੀ ਪਹੁੰਚ ਅਪਣਾਉਣ ਦੀ ਲੋੜ ਹੈ। ਜਦੋਂ ਸਰਕਾਰ ਨੇ ਆਪਣੇ ਵਲੋਂ ਵਾਰਤਾਕਾਰ ਨਿਯੁਕਤ ਕੀਤਾ ਸੀ, ਇਸ ਦਾ ਇਕ ਮਕਸਦ ਸੀ। ਉਹ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ 'ਤੇ ਕਸ਼ਮੀਰ ਦੇ ਲੋਕਾਂ ਤਕ ਆਪਣੀ ਗੱਲ ਪਹੁੰਚਾਉਣਗੇ ਅਤੇ ਉਹ ਦੇਖਣਗੇ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਕੀ ਹਨ ਜਿਨ੍ਹਾਂ ਨੂੰ ਸਿਆਸੀ ਪੱਧਰ 'ਤੇ ਹੱਲ ਕੀਤਾ ਜਾ ਸਕਦਾ ਹੈ। ਜਨਰਲ ਰਾਵਤ ਨੇ ਕਿਹਾ ਕਿ ਕਸ਼ਮੀਰ ਮਸਲੇ ਨੂੰ ਹੱਲ ਕਰਨ ਦੇ ਤੰਤਰ ਦਾ ਫੌਜ ਕੇਵਲ ਇਕ ਹਿੱਸਾ ਹੈ। ਸਾਡਾ ਮਕਸਦ ਅੱਤਵਾਦੀਆਂ ਨੂੰ ਰੋਕਣਾ ਅਤੇ ਕੱਟੜਵਾਦ ਦੇ ਰਸਤੇ ਵੱਲ ਜਾ ਰਹੇ ਲੋਕਾਂ ਨੂੰ ਬਚਾਅ ਕੇ ਸ਼ਾਂਤੀ ਦੇ ਰਾਹ 'ਤੇ ਲਿਆਉਣਾ ਹੈ। 
ਕੁਝ ਸਥਾਨਕ ਨੌਜਵਾਨਾਂ ਨੂੰ ਕੱਟੜਵਾਦ ਦੇ ਰਾਹ 'ਤੇ ਲਿਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਉਹ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋ ਰਹੇ ਹਨ। ਇਸ ਨਾਲ ਨਜਿੱਠਣ ਲਈ ਫੌਜ ਅੱਤਵਾਦੀ ਸੰਗਠਨਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰਾਵਤ ਦੇ ਬਿਆਨ ਤੋਂ ਚਿੜ੍ਹੇ ਪਾਕਿ ਨੇ ਦਿੱਤੀ ਪ੍ਰਮਾਣੂ ਹਮਲੇ ਦੀ ਧਮਕੀ
ਬਿਪਿਨ ਰਾਵਤ ਦੇ ਬਿਆਨ ਤੋਂ ਚਿੜ੍ਹ ਕੇ ਪਾਕਿਸਤਾਨ ਨੇ ਇਕ ਵਾਰ ਫਿਰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਨੂੰ ਜਾਪਦਾ ਹੈ ਕਿ ਪਾਕਿਸਤਾਨ ਸਿਰਫ ਉਸ ਨੂੰ ਪ੍ਰਮਾਣੂ ਹਮਲੇ ਦੀ ਗਿੱਦੜ ਭਬਕੀ ਦੇ ਰਿਹਾ ਹੈ ਤਾਂ ਉਹ ਅਜ਼ਮਾ ਕੇ ਦੇਖ ਲਵੇ।
ਵਿਦੇਸ਼ ਮੰਤਰੀ ਆਸਿਫ ਨੇ ਟਵੀਟ ਕੀਤਾ, ''ਭਾਰਤੀ ਫੌਜ ਮੁਖੀ ਦਾ ਬਿਆਨ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ। ਇਹ ਪ੍ਰਮਾਣੂ ਹਮਲੇ ਨੂੰ ਸੱਦਾ ਦੇਣ ਵਾਲਾ ਹੈ ਜੇਕਰ ਜਨਰਲ ਰਾਵਤ ਦੀ ਖਾਹਿਸ਼ ਹੋਵੇ ਤਾਂ ਉਹ ਸਾਡੇ ਸੰਕਲਪ (ਪ੍ਰਮਾਣੂ ਹਮਲਾ ਕਰਨ ਦੀ ਧਮਕੀ) ਦੀ ਅਜ਼ਮਾਇਸ਼ ਕਰ ਸਕਦੇ ਹਨ। ਉਨ੍ਹਾਂ ਦਾ ਸ਼ੱਕ ਜਲਦੀ ਦੂਰ ਹੋ ਜਾਵੇਗਾ, ਇੰਸ਼ਾ ਅੱਲ੍ਹਾ।''


Related News