ਮੁੱਖ ਮੰਤਰੀ ਬਦਲਣ ਦੇ ਮੁੱਦੇ ’ਤੇ ਸਿਆਸੀ ਮਾਹੌਲ ਫਿਰ ਭਖਿਆ, ਕਾਂਗਰਸੀ ਵਿਧਾਇਕ ਦਾ ਵੱਡਾ ਦਾਅਵਾ
Monday, Aug 18, 2025 - 10:45 AM (IST)

ਨੈਸ਼ਨਲ ਡੈਸਕ : ਕਰਨਾਟਕ ’ਚ ਮੁੱਖ ਮੰਤਰੀ ਬਦਲਣ ਦੇ ਮੁੱਦੇ ’ਤੇ ਸਿਆਸੀ ਮਾਹੌਲ ਇਕ ਵਾਰ ਫਿਰ ਭਖ ਗਿਆ ਜਦੋਂ ਚੰਨਾਗਿਰੀ ਤੋਂ ਕਾਂਗਰਸ ਵਿਧਾਇਕ ਬਸਵਰਾਜੂ ਵੀ. ਸ਼ਿਵਗੰਗਾ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉੱਪ-ਮੁੱਖ ਮੰਤਰੀ ਅਤੇ ਸੂਬਾ ਕਰਨਾਟਕ ਇਕਾਈ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਇਸ ਸਾਲ ਦਸੰਬਰ ਤੋਂ ਬਾਅਦ ਮੁੱਖ ਮੰਤਰੀ ਬਣਨਗੇ। ਉਨ੍ਹਾਂ ਦੀ ਇਸ ਟਿੱਪਣੀ ਨੇ ਕਰਨਾਟਕ ਵਿਚ ਸੰਭਾਵੀ ਲੀਡਰਸ਼ਿਪ ਤਬਦੀਲੀ ਬਾਰੇ ਕਿਆਸਅਰਾਈਆਂ ਦਾ ਇਕ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਸ਼ਿਵਕੁਮਾਰ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਉਕਤ ਟਿੱਪਣੀ ਨੂੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦੱਸਿਆ।
ਉਨ੍ਹਾਂ ਕਿਹਾ, ‘‘ਕਿਸੇ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਨਹੀਂ ਬੋਲਣਾ ਚਾਹੀਦਾ ਜਾਂ ਅਜਿਹੇ ਮਾਮਲਿਆਂ ’ਚ ਭੰਬਲਭੂਸਾ ਪੈਦਾ ਨਹੀਂ ਕਰਨਾ ਚਾਹੀਦਾ। ਵਿਧਾਇਕਾਂ ਨੂੰ ਪਾਰਟੀ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਵਾਰ-ਵਾਰ ਚਿਤਾਵਨੀਆਂ ਦੇ ਬਾਵਜੂਦ, ਬਸਵਰਾਜੂ ਅਜਿਹੇ ਬਿਆਨ ਦਿੰਦੇ ਰਹੇ ਹਨ। ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।’’ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਸਵਰਾਜੂ ਸ਼ਿਵਗੰਗਾ ਨੇ ਸੰਭਾਵੀ ਲੀਡਰਸ਼ਿਪ ਤਬਦੀਲੀ ਬਾਰੇ ਗੱਲ ਕਹੀ ਹੋਵੇ। ਉਹ ਪਹਿਲਾਂ ਵੀ ਸੰਕੇਤ ਦੇ ਚੁੱਕੇ ਹਨ ਕਿ ਸ਼ਿਵਕੁਮਾਰ ਆਉਣ ਵਾਲੇ ਦਿਨਾਂ ’ਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਓਧਰ, ਮੌਜੂਦਾ ਮੁੱਖ ਮੰਤਰੀ ਸਿੱਧਰਮਈਆ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਵਜੋਂ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨਗੇ। ਸੂਬੇ ਵਿਚ ਮਈ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧਰਮਈਆ ਅਤੇ ਸ਼ਿਵਕੁਮਾਰ ਦੋਵੇਂ ਹੀ ਚੋਟੀ ਦੇ ਅਹੁਦੇ ਦੇ ਦਾਅਵੇਦਾਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8