100 ਸਾਲ ਦੀ ਬਜ਼ੁਰਗ ਔਰਤ ਖ਼ਿਲਾਫ਼ ਪੁਲਸ ਨੇ ਦਰਜ ਕੀਤੀ FIR, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Friday, May 26, 2023 - 09:57 AM (IST)
ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਲਿਆਣਪੁਰ ਦੀ ਰਹਿਣ ਵਾਲੀ ਇਕ 100 ਸਾਲਾ ਬਜ਼ੁਰਗ ਔਰਤ 'ਤੇ ਰੰਗਦਾਰੀ ਮੰਗਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਹੋਈ ਹੈ। ਬਜ਼ੁਰਗ ਔਰਤ 'ਤੇ ਜ਼ਮੀਨ ਵਿਵਾਦ 'ਚ 10 ਲੱਖ ਰੁਪਏ ਰੰਗਦਾਰੀ ਮੰਗਣ ਦਾ ਦੋਸ਼ ਹੈ। ਪੁਲਸ ਕਾਰਵਾਈ ਤੋਂ ਪਰੇਸ਼ਾਨ ਬਜ਼ੁਰਗ ਔਰਤ ਨੇ ਕਮਿਸ਼ਨਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੀ ਸ਼ਿਕਾਇਤ ਸੁਣ ਕੇ ਪੁਲਸ ਕਮਿਸ਼ਨਰ ਬੀਪੀ ਜੋਗਦੰਡ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ-ਜਿਤੇਂਦਰ ਗੋਗੀ ਗੈਂਗ ਦਾ ਖ਼ਤਰਨਾਕ ਗੈਂਗਸਟਰ ਮੁਕਾਬਲੇ ਉਪਰੰਤ ਗ੍ਰਿਫ਼ਤਾਰ
ਰਿਪੋਰਟ ਅਨੁਸਾਰ 100 ਸਾਲ ਦੀ ਚੰਦਰਕਲੀ ਕਲਿਆਣਪੁਰ ਦੇ ਮਿਰਜਾਪੁਰ ਨਵੀਂ ਬਸਤੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਕੁਝ ਦਿਨਾਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਵਿਵਾਦ ਵਧਣ 'ਤੇ ਮਾਮਲਾ ਕਲਿਆਣਪੁਰ ਪੁਲਸ ਕੋਲ ਪਹੁੰਚਿਆ। ਪੁਲਸ ਨੇ ਚੰਦਰਕਲੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕ੍ਰਿਸ਼ਨ ਮੁਰਾਰੀ ਸਮੇਤ ਹੋਰ ਲੋਕਾਂ 'ਤੇ ਰੰਗਦਾਰੀ ਸਮੇਤ ਹੋਰ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ। ਇਕ ਪਲਾਟ 'ਤੇ ਕਬਜ਼ੇ ਨੂੰ ਲੈ ਕੇ ਪੁਲਸ ਨੇ ਦੋਹਾਂ ਪੱਖਾਂ ਵਲੋਂ ਕ੍ਰਾਸ ਰਿਪੋਰਟ ਦਰਜ ਕੀਤੀ ਹੈ। ਚੰਦਰਕਲੀ ਦੇ ਪਰਿਵਾਰ ਵਾਲੇ ਐੱਫ.ਆਈ.ਆਰ. ਦੀ ਜਾਣਕਾਰੀ ਹੋਣ 'ਤੇ ਪਰੇਸ਼ਾਨ ਹੋ ਗਏ। ਕਾਰਵਾਈ ਤੋਂ ਬਚਣ ਲਈ ਪਰਿਵਾਰ ਵਾਲਿਆਂ ਨੇ ਪੁਲਸ ਕਮਿਸ਼ਨਰ ਤੱਕ ਗੱਲ ਪਹੁੰਚਾਉਣ ਦਾ ਫ਼ੈਸਲਾ ਕੀਤਾ। ਪਰਿਵਾਰ ਵਾਲਿਆਂ ਦੀ ਮਦਦ ਨਾਲ ਪੁਲਸ ਕਮਿਸ਼ਨਰ ਦਫ਼ਤਰ ਪਹੁੰਚੀ ਬਜ਼ੁਰਗ ਔਰਤ ਨੇ ਦਰਦ ਬਿਆਨ ਕੀਤਾ। ਚੰਦਰਕਲੀ ਬੀਤੀ 23 ਮਈ ਨੂੰ ਕਾਨਪੁਰ ਪੁਲਸ ਕਮਿਸ਼ਨਰ ਦੇ ਦਫ਼ਤਰ ਆਪਣੇ ਪਰਿਵਾਰ ਵਾਲਿਆਂ ਨਾਲ ਆਈ ਸੀ। ਉੱਥੇ ਹੀ ਕਲਿਆਣਪੁਰ ਏ.ਸੀ.ਪੀ. ਵਿਕਾਸ ਕੁਮਾਰ ਪਾਂਡੇ ਨੇ ਦੱਸਿਆ ਕਿ ਪ੍ਰਾਪਰਟੀ ਵਿਵਾਦ 'ਚ ਦੋਹਾਂ ਪੱਖਾਂ ਵਲੋਂ ਰਿਪੋਰਟ ਦਰਜ ਕਰਵਾਈ ਗਈ ਸੀ। ਜੇਕਰ ਬਜ਼ੁਰਗ ਔਰਤ ਦਾ ਨਾਮ ਵੀ ਰਿਪੋਰਟ 'ਚ ਹੈ ਤਾਂ ਜਾਂਚ 'ਤੇ ਉੱਚਿਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ