ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ ਦਾ ਉਦਘਾਟਨ ਕਰਨਗੇ PM ਮੋਦੀ
Saturday, Apr 05, 2025 - 11:27 PM (IST)

ਚੇਨਈ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਪ੍ਰੈਲ ਨੂੰ ਰਾਮੇਸ਼ਵਰਮ ਵਿਖੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਈ ਹੋਰ ਪ੍ਰਾਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਅਧਿਕਾਰਤ ਸਮਾਗਮ ਦੀ ਪੂਰਬਲੀ ਸ਼ਾਮ ’ਤੇ ਭਾਰਤੀ ਰੇਲਵੇ ਨੇ ਨਵੇਂ ਪੰਬਨ ਪੁਲ ਦਾ ਇਕ ਪ੍ਰਚਾਰ ਵੀਡੀਓ ਜਾਰੀ ਕੀਤਾ।
ਰੇਲ ਮੰਤਰਾਲਾ ਨੇ ਕਿਹਾ ਕਿ ਪੰਬਨ ਪੁਲ ਵਿਰਾਸਤ ਅਤੇ ਨਵੀਂ ਤਕਨਾਲੋਜੀ ਦਾ ਬਿਹਤਰੀਨ ਸੁਮੇਲ ਹੈ, ਜੋ ਸ਼ਾਨਦਾਰ ਦ੍ਰਿਸ਼ ਪੇਸ਼ ਕਰਦਾ ਹੈ। ਇਸ ਰਾਮਨੌਮੀ ’ਤੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਰੇਲਵੇ ਸਮੁੰਦਰੀ ਪੁਲ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਹ ਪੁਲ 550 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਪ੍ਰੈਲ ਦੁਪਹਿਰ ਨੂੰ ਨਵੇਂ ਪੰਬਨ ਰੇਲਵੇ ਪੁਲ ਦਾ ਉਦਘਾਟਨ ਕਰਨਗੇ ਅਤੇ ਨਵੀਂ ਰਾਮੇਸ਼ਵਰਮ-ਤਾਂਬਰਾਮ (ਚੇਨਈ) ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੌਰਾਨ ਇਕ ਤੱਟ ਰੱਖਿਅਕ ਜਹਾਜ਼ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।