‘ਕੋਰੋਨਾ’ ’ਤੇ PM ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਜਾਰੀ, ਮਮਤਾ ਬੈਨਰਜੀ ਨਹੀਂ ਹੋਈ ਸ਼ਾਮਲ

03/17/2021 1:07:28 PM

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇਕ ਵਾਰ ਫਿਰ ਬੈਠਕ ਕਰ ਰਹੇ ਹਨ। ਸਾਰਿਆਂ ਦੀਆਂ ਨਜ਼ਰਾਂ ਬੈਠਕ ’ਤੇ ਟਿਕੀਆਂ ਹਨ ਕਿ ਇਸ ਵਿਚ ਕੀ ਫੈਸਲਾ ਲਿਆ ਜਾਵੇਗਾ। ਕੀ ਦੇਸ਼ ’ਚ ਫਿਰ ਤੋਂ ਤਾਲਾਬੰਦੀ ਲੱਗੇਗੀ ਜਾਂ ਫਿਰ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ। ਬੈਠਕ ’ਚ ਦੇਸ਼ ਭਰ ’ਚ ਵੈਕਸੀਨੇਸ਼ਨ ’ਚ ਤੇਜ਼ੀ ਲਿਆਉਣ ’ਤੇ ਵੀ ਚਰਚਾ ਹੋਵੇਗੀ। ਉਥੇ ਹੀ ਬੈਠਕ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਈ ਹੈ। ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਬੈਠਕ ’ਚ ਸ਼ਾਮਲ ਨਹੀਂ ਹੋਏ। 

ਦੱਸ ਦੇਈਏ ਕਿ ਇਕ ਦਿਨ ’ਚ ਕੋਰੋਨਾ ਦੇ 28,903 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 1,14,38,734 ਹੋ ਗਈ ਹੈ, ਉਥੇ ਹੀ 188 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,59,044 ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ’ਚ ਕੋਰੋਨਾ ਮਾਮਲਿਆਂ ’ਚ ਕੰਟਰੋਲ ਆਉਂਦਾ ਨਜ਼ਰ ਆ ਰਿਹਾ ਸੀ ਪਰ ਇਸ ਵਿਚ ਇਕ ਵਾਰ ਫਿਰ ਉਛਾਲ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ’ਤੇ ਉਨ੍ਹਾਂ ਦੇ ਰਾਜ ਦੀ ਹਾਲਤ ਬਾਰੇ ਜਾਣਕਾਰੀ ਲੈ ਰਹੇ ਹਨ।

ਦੱਸ ਦੇਈਏ ਕਿ ਪੰਜਾਬ, ਮਹਾਰਾਸ਼ਟਰ ਨੇ ਕਾਫੀ ਪਹਿਲਾਂ ਹੀ ਆਪਣੇ ਰਾਜਾਂ ’ਚ ਨਾਈਟ ਕਰਫਿਊ ਸਮੇਤ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਉਥੇ ਹੀ ਗੁਜਰਾਤ ਅਤੇ ਮੱਧ-ਪ੍ਰਦੇਸ਼ ਸਰਕਾਰ ਨੇ ਵੀ ਹੁਣ ਰਾਜਾਂ ’ਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ ਕਰਨਾਟਕ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਜੇਕਰ ਲੋਕਾਂ ਨੇ ਸਾਵਧਾਨੀ ਨਹੀਂ ਵਰਤੀ ਤਾਂ ਸਖ਼ਤੀ ਕੀਤੀ ਜਾਵੇਗੀ। 

ਮਹਾਰਾਸ਼ਟਰ ’ਚ ਕੋਰੋਨਾ ਦੇ ਜ਼ਿਆਦਾ ਮਾਮਲੇ
ਦੇਸ਼ ’ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਹੈ। ਇਕੱਲੇ ਮਹਾਰਾਸ਼ਟਰ ’ਚ 50 ਫੀਸਦੀ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ’ਚ ਸਬ ਤੋਂ ਜ਼ਿਆਦਾ ਕੋਰੋਨਾ ਦੇ 23,47,328 ਮਾਮਲੇ ਹਨ, ਜਿਸ ਵਿਚੋਂ 1,38,813 ਮਾਮਲੇ ਸਰਗਰਮ ਹਨ। ਠੀਕ ਹੋਏ ਮਰੀਜ਼ਾਂ ਦੀ ਗਿਣਤੀ 21.54 ਲੱਖ ਹੈ ਅਤੇ ਰਾਜ ’ਚ 52,996 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Rakesh

Content Editor

Related News