ਜਾਪਾਨ ਦੀ ਯਾਤਰਾ ਮਗਰੋਂ ਪਾਪੂਆ ਨਿਊ ਗਿਨੀ ਰਵਾਨਾ ਹੋਏ PM ਮੋਦੀ, ਮਿਲੇਗਾ 'ਵਿਸ਼ੇਸ਼' ਸਨਮਾਨ

Sunday, May 21, 2023 - 01:02 PM (IST)

ਹਿਰੋਸ਼ੀਮਾ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ। ਜਿਸ ਵਿੱਚ ਉਹਨਾਂ ਨੇ ਪਹਿਲਾਂ ਜਾਪਾਨ ਵਿੱਚ ਆਯੋਜਿਤ ਜੀ-7 ਸੰਮੇਲਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਦੂਜੇ ਪੜਾਅ ਵਿਚ ਉਹ ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਦੇਸ਼ ਪਾਪੂਆ ਨਿਊ ਗਿਨੀ ਲਈ ਰਵਾਨਾ ਹੋ ਚੁੱਕੇ ਹਨ। ਮੋਦੀ ਪਾਪੂਆ ਨਿਊ ਗਿਨੀ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ''ਜਾਪਾਨ ਦੇ ਸਫਲ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਪਾਪੂਆ ਨਿਊ ਗਿਨੀ ਲਈ ਫਲਾਈਟ 'ਚ ਸਵਾਰ ਹੋ ਗਏ ਹਨ।'' ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਇਨ੍ਹਾਂ ਵਿਦੇਸ਼ੀ ਦੌਰਿਆਂ 'ਤੇ ਕਾਫੀ ਮਾਣ-ਸਨਮਾਨ ਮਿਲ ਰਿਹਾ ਹੈ, ਪਰ ਪਾਪੂਆ ਨਿਊ ਗਿਨੀ 'ਚ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹਾ ਵਿਸ਼ੇਸ਼ ਸਨਮਾਨ ਮਿਲੇਗਾ, ਜੋ ਕੁਝ ਹੀ ਨੇਤਾਵਾਂ ਨੂੰ ਮਿਲਿਆ ਹੈ।

PunjabKesari

ਪੀ.ਐੱਮ ਮੋਦੀ ਨੂੰ ਮਿਲੇਗਾ ਵਿਸ਼ੇਸ਼ ਸਨਮਾਨ

ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਹਿੰਦ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਟਾਪੂ ਦੇਸ਼ ਪਾਪੂਆ ਨਿਊ ਗਿਨੀ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਹੈ ਅਤੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਇਸ ਕਰਕੇ ਵੀ ਇਹ ਦੌਰਾ ਬਹੁਤ ਖ਼ਾਸ ਹੈ। ਆਮ ਤੌਰ 'ਤੇ ਪਾਪੂਆ ਨਿਊ ਗਿਨੀ 'ਚ ਸ਼ਾਮ ਤੋਂ ਬਾਅਦ ਰਾਜਾਂ ਦੇ ਮੁਖੀਆਂ ਦਾ ਰਵਾਇਤੀ ਸਵਾਗਤ ਨਹੀਂ ਕੀਤਾ ਜਾਂਦਾ, ਪਰ ਪ੍ਰਧਾਨ ਮੰਤਰੀ ਮੋਦੀ ਦੇ ਮਾਮਲੇ 'ਚ ਪਾਪੂਆ ਨਿਊ ਗਿਨੀ ਆਪਣੀ ਪਰੰਪਰਾ ਨੂੰ ਬਦਲਣ ਜਾ ਰਿਹਾ ਹੈ। ਪਾਪੂਆ ਨਿਊ ਗਿਨੀ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਰਵਾਇਤੀ ਸਵਾਗਤ ਕੀਤਾ ਜਾਵੇਗਾ। PM ਮੋਦੀ ਦਾ ਸਵਾਗਤ ਕਰਨ ਲਈ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਖੁਦ ਹਵਾਈ ਅੱਡੇ 'ਤੇ ਪਹੁੰਚਣਗੇ।ਪਾਪੂਆ ਨਿਊ ਗਿਨੀ 'ਚ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਜਦੋਂ ਹਵਾਈ ਅੱਡੇ 'ਤੇ ਉਤਰਨਗੇ ਤਾਂ ਉਨ੍ਹਾਂ ਨੂੰ 19 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।

PunjabKesari

ਮੋਦੀ ਨੇ ਹੀਰੋਸ਼ੀਮਾ 'ਚ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕਈ ਵਿਸ਼ਵ ਮੁੱਦਿਆਂ 'ਤੇ ਚਰਚਾ ਕੀਤੀ। ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਸੱਦੇ 'ਤੇ ਜੀ 7 ਸਿਖਰ ਸੰਮੇਲਨ ਦੇ ਤਿੰਨ ਸੈਸ਼ਨਾਂ ਵਿੱਚ ਹਿੱਸਾ ਲੈਣ ਲਈ ਹੀਰੋਸ਼ੀਮਾ ਪਹੁੰਚੇ ਸਨ। ਮੋਦੀ ਨੇ ਟਵੀਟ ਕੀਤਾ ਕਿ ''ਜਾਪਾਨ ਦਾ ਦੌਰਾ ਸਾਰਥਕ ਰਹੀ। ਜੀ-7 ਸੰਮੇਲਨ ਦੌਰਾਨ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਇਸ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਕਿਸ਼ਿਦਾ, ਜਾਪਾਨ ਦੀ ਸਰਕਾਰ ਅਤੇ ਇਸਦੇ ਲੋਕਾਂ ਦੇ ਧੰਨਵਾਦੀ ਹਾਂ।” ਜੀ7 ਦੇ ਮੈਂਬਰ ਅਮਰੀਕਾ, ਫਰਾਂਸ, ਯੂਕੇ, ਇਟਲੀ, ਜਰਮਨੀ, ਕੈਨੇਡਾ ਅਤੇ ਜਾਪਾਨ ਹਨ। 

ਮੋਦੀ ਨੇ ਜਾਪਾਨ ਵਿੱਚ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸ਼ਾਮਲ ਹਨ। ਮੋਦੀ ਨੇ ਜਾਪਾਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨੀ ਪੀ.ਐੱਮ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਚਤੁਰਭੁਜ ਸੁਰੱਖਿਆ ਸੰਵਾਦ (ਕਵਾਡ) ਸੰਮੇਲਨ ਵਿੱਚ ਵੀ ਸ਼ਿਰਕਤ ਕੀਤੀ। ਮੋਦੀ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਦੇ ਨਾਲ ਭਾਰਤ-ਪ੍ਰਸ਼ਾਂਤ ਟਾਪੂ ਸਹਿਯੋਗ (FIPIC) ਲਈ ਫੋਰਮ ਦੇ ਤੀਜੇ ਸਿਖਰ ਸੰਮੇਲਨ ਦੀ ਸਾਂਝੇ ਤੌਰ 'ਤੇ ਮੇਜ਼ਬਾਨੀ ਕਰਨਗੇ। ਮੋਦੀ ਨੇ ਇਸ ਤੋਂ ਪਹਿਲਾਂ ਕਿਹਾ ਸੀ, ਕਿ''ਮੈਂ ਸ਼ੁਕਰਗੁਜ਼ਾਰ ਹਾਂ ਕਿ ਸਾਰੇ 14 ਪ੍ਰਸ਼ਾਂਤ ਟਾਪੂ ਦੇਸ਼ਾਂ (ਪੀਆਈਸੀ) ਨੇ ਫਿਪਿਕ ਸੰਮੇਲਨ 'ਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰ ਲਿਆ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਪੀ.ਐੱਮ. ਮੋਦੀ ਅਤੇ ਸੁਨਕ ਨੇ ਹੀਰੋਸ਼ੀਮਾ 'ਚ ਦੁਵੱਲੇ ਰਣਨੀਤਕ ਸਬੰਧਾਂ ਦੀ ਕੀਤੀ ਸਮੀਖਿਆ (ਤਸਵੀਰਾਂ)

ਆਸਟ੍ਰੇਲੀਆ 'ਚ 'ਲਿਟਲ ਇੰਡੀਆ' ਜਾਣਗੇ

ਪਾਪੂਆ ਨਿਊ ਗਿਨੀ ਤੋਂ ਬਾਅਦ ਪੀ.ਐੱਮ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਗੇ। ਆਸਟ੍ਰੇਲੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਸਿਡਨੀ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਮੂਲ ਦੇ ਨਾਗਰਿਕਾਂ ਨਾਲ ਮੁਲਾਕਾਤ ਕਰਨਗੇ। ਇਹ ਸਮਾਗਮ ਹੈਰਿਸ ਪਾਰਕ ਖੇਤਰ ਵਿੱਚ ਹੋਵੇਗਾ, ਜਿਸ ਨੂੰ ਲਿਟਲ ਇੰਡੀਆ ਵਜੋਂ ਜਾਣਿਆ ਜਾਂਦਾ ਹੈ। ਉਹ 24 ਮਈ ਤੋਂ ਆਸਟ੍ਰੇਲੀਆ ਦੀ ਯਾਤਰਾ ਕਰਨਗੇ। ਮੋਦੀ 24 ਮਈ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਬੈਠਕ ਕਰਨਗੇ। ਉਹ ਸਿਡਨੀ ਵਿੱਚ ਇੱਕ ਕਮਿਊਨਿਟੀ ਸਮਾਗਮ ਵਿੱਚ ਆਸਟ੍ਰੇਲੀਆਈ ਕੰਪਨੀਆਂ ਦੇ ਸੀਈਓਜ਼ ਅਤੇ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਸੰਬੋਧਨ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News