ਮੋਦੀ ਫਿਰ ਵਿਦੇਸ਼ ਗਏ ਪਰ ਮਣੀਪੁਰ ਜਾਣ ਤੋਂ ਕਿਉਂ ਕਰ ਰਹੇ ਹਨ ਇਨਕਾਰ : ਕਾਂਗਰਸ
Saturday, Nov 16, 2024 - 08:59 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਸ਼ਨੀਵਾਰ ਵਿਦੇਸ਼ੀ ਦੌਰੇ ’ਤੇ ਗਏ ਪਰ ਇਹ ਸਮਝ ਤੋਂ ਬਾਹਰ ਹੈ ਕਿ ਉਹ ਮਣੀਪੁਰ ਦਾ ਦੌਰਾ ਕਿਉਂ ਨਹੀਂ ਕਰ ਰਹੇ? ਵਿਰੋਧੀ ਪਾਰਟੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਲਾਨਾ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਾਜ਼ੀਲ, ਨਾਈਜੀਰੀਆ ਤੇ ਗੁਆਨਾ ਦੇ ਤਿੰਨ ਦਿਨਾ ਦੌਰੇ ’ਤੇ ਗਏ ਹਨ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਤੱਕ ਅਸੀਂ ‘ਨਾਨ-ਬਾਇਓਲਾਜੀਕਲ’ ਪ੍ਰਧਾਨ ਮੰਤਰੀ ਦੇ ਤਾਬੜਤੋੜ ਝੂਠ ਤੇ ਗੈਰ-ਮਰਿਆਦਾ ਭਰੇ ਪ੍ਰਚਾਰ ਤੋਂ ਬਚ ਜਾਵਾਂਗੇ। ਉਹ ਇਕ ਵਾਰ ਫਿਰ ਵਿਦੇਸ਼ ਜਾ ਰਹੇ ਹਨ ਜਿੱਥੇ ਉਹ ਕਿਸੇ ਵੀ ਤਰ੍ਹਾਂ ਦੀ ਰਾਜ-ਕਲਾ ਜਾਂ ਵਡੱਪਣ ਦਾ ਪ੍ਰਦਰਸ਼ਨ ਕਰਨ ਦੀ ਬਜਾਏ ਘਰੇਲੂ ਸਿਆਸੀ ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਪਰ ਮੋਦੀ ਜੀ ਸੰਕਟ ਪੀੜਤ ਸੂਬੇ ਮਣੀਪੁਰ ਦਾ ਦੌਰਾ ਕਰਨ ਤੋਂ ਲਗਾਤਾਰ ਇਨਕਾਰ ਕਿਉਂ ਕਰ ਰਹੇ ਹਨ, ਜਿੱਥੇ ਲੋਕ ਮਈ 2023 ਤੋਂ ਦੁਖੀ ਹਨ।