35 ਸਾਲ ਪੁਰਾਣੇ ਕੇਸ ’ਚ ਸੰਸਦ ਮੈਂਬਰ ਪੱਪੂ ਯਾਦਵ ਗ੍ਰਿਫ਼ਤਾਰ
Saturday, Feb 07, 2026 - 12:46 AM (IST)
ਪਟਨਾ- ਪਟਨਾ ਪੁਲਸ ਨੇ ਪੂਰਨੀਆ ਤੋਂ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੂੰ ਸ਼ੁੱਕਰਵਾਰ ਦੇਰ ਰਾਤ 12 ਵਜੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 35 ਸਾਲ ਪੁਰਾਣੇ ਇਕ ਮਾਮਲੇ ਵਿਚ ਪਟਨਾ ਦੀ ਇਕ ਵਿਸ਼ੇਸ਼ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਪੱਪੂ ਯਾਦਵ ਸਮੇਤ 3 ਮੁਲਜ਼ਮਾਂ ਖ਼ਿਲਾਫ਼ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਪਟਨਾ ਪੁਲਸ ਦੀ ਟੀਮ ਸ਼ੁੱਕਰਵਾਰ ਦੇਰ ਸ਼ਾਮ ਪੱਪੂ ਯਾਦਵ ਦੀ ਮੰਦਿਰੀ ਸਥਿਤ ਰਿਹਾਇਸ਼ ’ਤੇ ਗ੍ਰਿਫ਼ਤਾਰ ਕਰਨ ਪਹੁੰਚੀ। ਕਰੀਬ 3 ਘੰਟੇ ਤੱਕ ਗ੍ਰਿਫ਼ਤਾਰੀ ਦਾ ਡਰਾਮਾ ਚੱਲਦਾ ਰਿਹਾ। ਫਿਰ ਦੇਰ ਰਾਤ ਕਰੀਬ 50 ਦੀ ਗਿਣਤੀ ’ਚ ਪੁਲਸ ਮੁਲਾਜ਼ਮ ਪੱਪੂ ਯਾਦਵ ਦੇ ਘਰ ਪਹੁੰਚੇ। ਯਾਦਵ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਸੂਬਾ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
