ਰਾਜ ਸਭਾ ’ਚ ਬੋਲੇ ਰਾਘਵ ਚੱਢਾ, ਕਿਹਾ- ਕਿਸਾਨਾਂ ਦੇ ਮੁੱਦਿਆਂ ਨੂੰ ਮਿਲੇਗੀ ਪਹਿਲਾਂ ਨਾਲੋਂ ਜ਼ਿਆਦਾ ਅਹਿਮੀਅਤ

12/07/2022 6:34:35 PM

ਨਵੀਂ ਦਿੱਲੀ– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਯਾਨੀ ਬੁੱਧਵਾਰ ਨੂੰ ਰਾਜ ਸਭਾ ’ਚ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਉਨ੍ਹਾਂ ਦੀ ਇਸ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਰਾਜ ਸਭਾ ’ਚ ਆਪਣੇ ਸੰਬੋਧਨ ਵਿਚ ਰਾਘਵ ਚੱਢਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਅਤੇ ਉਨ੍ਹਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਵਾਗਤ ਕਰਦੇ ਹਨ ਅਤੇ ਧਨਖੜ ਦੇ ਕਿਸਾਨੀ ਪਛੋਕੜ ਨੂੰ ਦੇਖਦੇ ਹੋਏ ਇਹ ਉਮੀਦ ਕਰਦੇ ਹਨ ਕਿ ਰਾਜ ਸਭਾ ’ਚ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ।

ਚੱਢਾ ਨੇ ਕਿਹਾ ਕਿ ਉਹ ਸੰਸਦ ’ਚ ਖੇਤੀ ਪ੍ਰਧਾਨ ਸੂਬੇ, ਪੰਜਾਬ ਦੇ ਪ੍ਰਤੀਨਿਧੀ ਹਨ ਅਤੇ ਉਹ ਪੰਜਾਬ, ਪੰਜਾਬੀਆਂ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਰਾਜ ਸਭਾ ’ਚ ਜ਼ੋਰਦਾਰ ਢੰਗ ਨਾਲ ਉਠਾਉਂਦੇ ਰਹਿਣਗੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਪ ਰਾਸ਼ਟਰਪਤੀ ਉਨ੍ਹਾਂ ਨੂੰ ਪੂਰਾ ਸਮਾਂ ਅਤੇ ਸਹਿਯੋਗ ਦੇਣਗੇ।

ਚੱਢਾ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਜਗਦੀਪ ਧਨਖੜ ਰਾਜ ਸਭਾ ’ਚ ਸਭ ਤੋਂ ਸੀਨੀਅਰ ਹਨ ਅਤੇ ਉਹ (ਚੱਢਾ) ਸਭ ਤੋਂ ਘੱਟ ਉਮਰ ਦੇ ਸਾਂਸਦ ਹਨ, ਇਸ ਲਈ ਇੱਕ ਪਰਿਵਾਰ ਦੀ ਤਰ੍ਹਾਂ ਧਨਖੜ ਉਨ੍ਹਾਂ ਦਾ ਖਾਸ ਖਿਆਲ ਰੱਖਣਗੇ। ਰਾਜ ਸਭਾ ਚੇਅਰਪਰਸਨ ਧਨਖੜ ਨੇ ਵੀ ਮਜ਼ਾਕੀਆ ਢੰਗ ਨਾਲ ਜਵਾਬ ਦਿੰਦਿਆਂ ਕਿਹਾ, ‘ਜਿਨ੍ਹਾਂ ਨੂੰ ਮੈਂ ਪਿਆਰ ਅਤੇ ਸਤਿਕਾਰ ਕਰਦਾ ਹਾਂ, ਉਹ ਹੀ ਸਭ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ।’


Rakesh

Content Editor

Related News