ਪੰਚਾਇਤ ਚੋਣਾਂ: ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਕਮੇਟੀਆਂ ਲਈ ਵੋਟਿੰਗ ਜਾਰੀ

Sunday, Oct 30, 2022 - 10:58 AM (IST)

ਪੰਚਾਇਤ ਚੋਣਾਂ: ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਕਮੇਟੀਆਂ ਲਈ ਵੋਟਿੰਗ ਜਾਰੀ

ਚੰਡੀਗੜ੍ਹ- ਹਰਿਆਣਾ ’ਚ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ’ਚ 9 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਕਮੇਟੀਆਂ ਦੇ ਮੈਂਬਰਾਂ ਦੀ ਚੋਣ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 9 ਜ਼ਿਲ੍ਹਿਆਂ- ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਦੇ 61 ਬਲਾਕਾਂ ਵਿਚ ਪੰਚਾਇਤ ਕਮੇਟੀ ਦੇ 1,278 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 175 ਮੈਂਬਰਾਂ ਦੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਪਹਿਲੇ ਪੜਾਅ ਦੀਆਂ ਚੋਣਾਂ ਲਈ 9 ਜ਼ਿਲ੍ਹਿਆਂ ’ਚ 49,67,092 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਹਿਲੇ ਪੜਾਅ ਲਈ 6,019 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ਵਿਚ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ 2 ਨਵੰਬਰ ਨੂੰ ਵੋਟਾਂ ਪੈਣਗੀਆਂ।

ਹਰਿਆਣਾ ਸੂਬਾ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ 2 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ 9 ਜ਼ਿਲ੍ਹਿਆਂ ਵਿਚ 133 ਸਰਪੰਚ ਅਤੇ 17,158 ਪੰਚ ਬਿਨਾਂ ਮੁਕਾਬਲਾ ਚੁਣ  ਲਿਆ ਗਿਆ ਹੈ। ਸਿੰਘ ਨੇ ਦੱਸਿਆ ਸੀ ਕਿ ਪੰਚਾਇਤ ਕਮੇਟੀਆਂ ਲਈ ਸਰਬਸੰਮਤੀ ਨਾਲ 56 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਪੰਚ, ਸਰਪੰਚ ਅਤੇ ਪੰਚਾਇਤ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਲਈ 34,371 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਵਿਚ 19,175 ਪੁਰਸ਼ ਅਤੇ 15,196 ਔਰਤਾਂ ਸ਼ਾਮਲ ਹਨ। ਸਰਪੰਚ ਅਤੇ ਪੰਚ ਦੀ ਚੋਣ ਦੇ ਨਤੀਜੇ ਹਰ ਪੜਾਅ ਦੀ ਪੋਲਿੰਗ ਦੇ ਅਖ਼ੀਰ 'ਤੇ ਐਲਾਨੇ ਜਾਣਗੇ, ਜਦਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਮੈਂਬਰਾਂ ਦੀ ਚੋਣ ਦੇ ਨਤੀਜੇ 27 ਨਵੰਬਰ ਨੂੰ ਐਲਾਨੇ ਜਾਣਗੇ।


ਦੂਜੇ ਪੜਾਅ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਮੈਂਬਰਾਂ ਲਈ 9 ਨਵੰਬਰ ਅਤੇ ਸਰਪੰਚ ਅਤੇ ਪੰਚ ਲਈ 12 ਨਵੰਬਰ ਨੂੰ ਵੋਟਾਂ ਪੈਣਗੀਆਂ। ਦੂਜੇ ਪੜਾਅ ਵਿਚ ਅੰਬਾਲਾ, ਚਰਖੀ ਦਾਦਰੀ, ਗੁਰੂਗ੍ਰਾਮ, ਕਰਨਾਲ, ਕੁਰੂਕਸ਼ੇਤਰ, ਰੇਵਾੜੀ, ਰੋਹਤਕ, ਸਿਰਸਾ ਅਤੇ ਸੋਨੀਪਤ ਜ਼ਿਲ੍ਹਿਆਂ ਵਿਚ ਵੋਟਾਂ ਪੈਣਗੀਆਂ। ਤੀਜੇ ਅਤੇ ਆਖਰੀ ਪੜਾਅ ਦੀਆਂ ਚੋਣਾਂ ਹਿਸਾਰ, ਪਲਵਲ, ਫਰੀਦਾਬਾਦ ਅਤੇ ਫਤਿਹਾਬਾਦ ਵਿਚ ਹੋਣਗੀਆਂ। ਇਨ੍ਹਾਂ ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ 22 ਨਵੰਬਰ ਨੂੰ ਵੋਟਾਂ ਪੈਣਗੀਆਂ ਜਦਕਿ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ 25 ਨਵੰਬਰ ਨੂੰ ਵੋਟਾਂ ਪੈਣਗੀਆਂ।


author

Tanu

Content Editor

Related News