ਪਾਕਿ ਸਮਰਥਿਤ ਅੱਤਵਾਦੀਆਂ ਅਤੇ ਭਾਰਤੀ ਸਮੱਗਲਰਾਂ ਤੋਂ ‘ਨਾਜਾਇਜ਼ ਹਥਿਆਰਾਂ ਦੀ ਵਧ ਰਹੀ ਬਰਾਮਦਗੀ’
Sunday, Feb 21, 2021 - 01:18 PM (IST)
ਅੱਜ ਇਕ ਪਾਸੇ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਦੇ ਰਾਹੀਂ ਭਾਰਤ ’ਚ ਹਿੰਸਾ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਵਾ ਰਿਹਾ ਹੈ ਤੇ ਦੂਜੇ ਪਾਸੇ ਉਸ ਦੇ ਨਾਲ ਮਿਲੇ ਹੋਏ ਸਮਾਜ ਵਿਰੋਧੀ ਤੱਤਾਂ ਨੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦਾ ਨਿਰਮਾਣ ਅਤੇ ਸਮੱਗਲਿੰਗ ਸ਼ੁਰੂ ਕੀਤੀ ਹੋਈ ਹੈ। ਇਹ ਸਥਿਤੀ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਸਿਰਫ਼ ਇਸੇ ਮਹੀਨੇ ਦੌਰਾਨ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਅਤੇ ਭਾਰਤੀ ਸਮੱਗਲਰਾਂ ਤੋਂ ਜ਼ਬਤ ਨਾਜਾਇਜ਼ ਹਥਿਆਰਾਂ ਦੀਆਂ ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
. 1 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਰਿਆਸੀ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ ਦੇ ਦੌਰਾਨ ਇਕ ਏ. ਕੇ. 47 ਰਾਈਫਲ ਤੇ ਇਸ ਦੇ 3 ਮੈਗਜ਼ੀਨ, 2 ਚੀਨੀ ਪਿਸਤੌਲ ਅਤੇ ਇਸ ਦੇ ਮੈਗਜ਼ੀਨ, 5 ਯੂ. ਬੀ. ਜੀ. ਐੱਲ. ਗਰਨੇਡ, ਇਕ ਰੇਡੀਓ ਸੈੱਟ ਅਤੇ 3 ਰੇਡੀਓ ਸੈੱਟ ਦੇ ਐਂਟੀਨਾ ਜ਼ਬਤ ਕੀਤੇ ਗਏ।
. 2 ਫਰਵਰੀ ਨੂੰ ਬਿਹਾਰ ਦੇ ਮੁੰਗੇਰ ’ਚ ਨਾਜਾਇਜ਼ ਹਥਿਆਰਾਂ ਦੇ 6 ਮਿੰਨੀ ਕਾਰਖਾਨਿਆਂ ’ਚ ਹਥਿਆਰ ਬਣਾਉਣ ਦੇ ਸਾਮਾਨ ਸਮੇਤ ਕਈ ਬਣੇ ਅਤੇ ਅੱਧ-ਬਣੇ ਹਥਿਆਰ ਫੜੇ ਗਏ।
. 3 ਫਰਵਰੀ ਨੂੰ ਆਗਰਾ ’ਚ ਨਾਜਾਇਜ਼ ਹਥਿਆਰਾਂ ਦੇ ਸਮੱਗਲਰਾਂ ਕੋਲੋਂ 27 ਤਮੰਚੇ, 3 ਪਿਸਤੌਲ, ਇਕ ਕੱਟਾ ਅਤੇ 24 ਕਾਰਤੂਸ ਫੜੇ ਗਏ।
. 5 ਫਰਵਰੀ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ’ਚ 2 ਹਥਿਆਰ ਸਮੱਗਲਰਾਂ ਕੋਲੋਂ 5 ਪਿਸਤੌਲ ਜ਼ਬਤ ਕੀਤੇ ਗਏ।
. 7 ਫਰਵਰੀ ਨੂੰ ਭੋਪਾਲ ਦੀ ਕ੍ਰਾਈਮ ਬਰਾਂਚ ਟੀਮ ਨੇ ਹਥਿਆਰ ਸਮੱਗਲਰਾਂ ਦੇ ਇਕ ਗਿਰੋਹ ਕੋਲੋਂ 30 ਦੇਸੀ ਕੱਟੇ, ਪਿਸਤੌਲ ਅਤੇ 100 ਕਾਰਤੂਸ ਬਰਾਮਦ ਕੀਤੇ।
. 10 ਫਰਵਰੀ ਨੂੰ ਰਾਜਸਥਾਨ ’ਚ ਜੈਪੁਰ ਰੇਂਜ ਦੇ ਆਈ. ਜੀ. ਹਵਾ ਸਿੰਘ ਘੁਮਰਿਆ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ‘ਪਪਲਾ ਗੈਂਗ’ ਦੇ ਮੈਂਬਰ ਮਹਿਪਾਲ ਗੁਰਜਰ ਦੇ ਹਰਿਆਣਾ ਦੇ ਕਸੌਲ ਵਿਚ ਸਥਿਤ ਇਕ ਖੰਡਰਨੁਮਾ ਮਕਾਨ ’ਚੋਂ ਰੂਸ ’ਚ ਬਣੀ ਏ. ਕੇ. 47 ਰਾਈਫਲ, 2 ਪਿਸਤੌਲ ਅਤੇ 30 ਕਾਰਤੂਸ ਬਰਾਮਦ ਕੀਤੇ ਗਏ।
. 13 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ’ਚ ਪੁਲਸ ਨੇ ਦਿੱਲੀ ਦੇ ਰਹਿਣ ਵਾਲੇ 3 ਕਾਰ ਸਵਾਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 5 ਦੇਸੀ ਪਿਸਤੌਲ, 7 ਨਾਜਾਇਜ਼ ਤਮੰਚੇ ਅਤੇ 6 ਕਾਰਤੂਸ ਬਰਾਮਦ ਕੀਤੇ।
. 14 ਫਰਵਰੀ ਨੂੰ ਸੁਰੱਖਿਆ ਬਲਾਂ ਨੇ ਜੰਮੂ ਦੇ ਬੱਸ ਸਟੈਂਡ ਇਲਾਕੇ ਵਿਚੋਂ ਸਾਢੇ 6 ਕਿਲੋ ਧਮਾਕਾਖੇਜ਼ ਦੇ ਨਾਲ ‘ਅਲਬਦਰ’ ਦੇ ਇਕ ਅੱਤਵਾਦੀ ‘ਸੋਹੇਲ ਬਸ਼ੀਰ ਸ਼ਾਹ’ ਨੂੰ ਗ੍ਰਿਫ਼ਤਾਰ ਕਰ ਕੇ ਜੰਮੂ ਨੂੰ ਹਿਲਾ ਕੇ ਰੱਖ ਦੇਣ ਵਾਲੀ ਸਾਜ਼ਿਸ਼ ਅਸਫਲ ਕੀਤੀ।
. 14 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ’ਚ ‘ਏਕਦਿਲ’ ਦੀ ਪੁਲਸ ਨੇ ‘ਨਿਗੋਹ’ ਪਿੰਡ ’ਚ ਨਾਜਾਇਜ਼ ਹਥਿਆਰ ਬਣਾਉਣ ਵਾਲੀ ਫੈਕਟਰੀ ’ਚੋਂ ਬਣੇ ਅਤੇ ਅੱਧ-ਬਣੇ ਦਰਜਨਾਂ ਨਾਜਾਇਜ਼ ਹਥਿਆਰ, ਕਾਰਤੂਸ ਅਤੇ ਹਥਿਆਰ ਬਣਾਉਣ ਦੇ ਯੰਤਰ ਫੜੇ।
. 15 ਫਰਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ‘ਮਾਣਿਕ ਚੱਕ’ ’ਚ 3 ਵਿਅਕਤੀਆਂ ਕੋਲੋਂ 7 ਐੱਮ. ਐੱਮ. ਦੇ 5 ਪਿਸਤੌਲ ਅਤੇ 90 ਕਾਰਤੂਸ ਜ਼ਬਤ ਕੀਤੇ ਗਏ।
. 16 ਫਰਵਰੀ ਨੂੰ ਲਖਨਊ ’ਚ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਦੇ ਮੈਂਬਰਾਂ ਨੇ ਅੱਤਵਾਦੀ ਸੰਗਠਨ ‘ਪਾਪੂਲਰ ਫਰੰਟ ਆਫ ਇੰਡੀਆ’ ਦੇ ਦੋ ਮੈਂਬਰਾਂ ਦੇ ਕਬਜ਼ੇ ’ਚੋਂ 16 ਹਾਈ ਐਕਸਪਲੋਸਿਵ ਡਿਵਾਈਸ (ਬੈਟਰੀ ਅਤੇ ਡੈਟੋਨੇਟਰ ਸਮੇਤ) ਅਤੇ 32 ਬੋਰ ਦਾ ਇਕ ਪਿਸਤੌਲ ਕਬਜ਼ੇ ’ਚ ਲਿਆ।
. 17 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ’ਚ ‘ਦਦਸਰਾ’ ਸਥਿਤ ਮਕਾਨ ’ਚੋਂ 8 ਇਲੈਕਟ੍ਰਿਕ ਡੈਟੋਨੇਟਰ, 7 ਐਂਟੀ ਮੈਕੇਨਿਜ਼ਮ ਸਵਿੱਚ, ਇਕ ਐਂਟੀ ਮਾਈਨ ਵਾਇਰਲੈੱਸ ਐਂਟੀਨਾ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਫੜੀ ਗਈ।
. 17 ਫਰਵਰੀ ਨੂੰ ਮੱਧ ਪ੍ਰਦੇਸ਼ ’ਚ ‘ਬਡਵਾਨੀ’ ਜ਼ਿਲੇ ਦੇ ‘ਸੇਂਧਵਾ’ ’ਚ 2 ਸਮੱਗਲਰਾਂ ਨੂੰ 4 ਦੇਸੀ ਪਿਸਤੌਲਾਂ ਅਤੇ 19 ਕਾਰਤੂਸਾਂ ਦੇ ਨਾਲ ਫੜਿਆ ਗਿਆ।
. 17-18 ਫਰਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ-ਕਸ਼ਮੀਰ ਪੁਲਸ ਦੀ ਸਾਂਝੀ ਟੀਮ ਰਿਆਸੀ ਜ਼ਿਲ੍ਹੇ ਦੇ ਸੰਘਣੇ ‘ਮੱਖੀਧਾਰ’ ਜੰਗਲ ’ਚ ਅੱਤਵਾਦੀਆਂ ਵੱਲੋਂ ਲੁਕਾ ਕੇ ਰੱਖੀ ਗਈ ਜੰਗੀ ਸਮੱਗਰੀ ਦੇ ਨਾਲ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ।
ਇਨ੍ਹਾਂ ’ਚ ਇਕ ਏ. ਕੇ. 47 ਰਾਈਫਲ, 1 ਸੈਲਫ ਲੋਡਿੰਗ ਰਾਈਫਲ (ਐੱਸ. ਐੱਲ. ਆਰ.), 303 ਬੋਰ ਦੀ ਰਾਈਫਲ, 2 ਚੀਨੀ ਪਿਸਤੌਲ ਅਤੇ ਗੋਲਾ-ਬਾਰੂਦ ਦੇ ਇਲਾਵਾ ਇਕ ਪਿਸਤੌਲ ਏ. ਐੱਮ. ਜੀ., ਐਂਟੀਨਾ ਵਾਲੇ 2 ਰੇਡੀਓ ਸੈੱਟ, ਗੋਲਾ-ਬਾਰੂਦ ਦਾ ਸੀਲਬੰਦ ਡਿੱਬਾ, ਮੈਗਜ਼ੀਨ ਅਤੇ 4 ਯੂ. ਬੀ. ਐੱਲ. ਗਰਨੇਡ ਆਦਿ ਸ਼ਾਮਲ ਹਨ।
ਇਨ੍ਹੀਂ ਦਿਨੀਂ ਬੰਗਾਲ ’ਚ, ਜਿੱਥੇ ਚੋਣਾਂ ਹੋਣ ਵਾਲੀਆਂ ਹਨ, ਬਹੁਤ ਘੱਟ ਕੀਮਤ ’ਤੇ ਪਿਸਤੌਲ ਬਣਾ ਕੇ ਵੇਚੇ ਜਾ ਰਹੇ ਹਨ। ਮੰਤਰੀ ਦੀ ਰਿਹਾਇਸ਼ ਤੱਕ ਨੁਕਸਾਨਣ ’ਚ ਸਮਰੱਥ ਸ਼ਕਤੀਸ਼ਾਲੀ ਦੇਸੀ ਬੰਬ ਤੱਕ ਸਸਤੀ ਕੀਮਤ ’ਤੇ ਵਿਕ ਰਹੇ ਹਨ।
ਬਿਹਾਰ ਦਾ ਮੁੰਗੇਰ ਅੱਜ ਨਾਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਸਪਲਾਈ ਦਾ ਵੱਡਾ ਕੇਂਦਰ ਬਣ ਚੁੱਕਾ ਹੈ। ਮੁੰਬਈ ਦੀ ਡੀ. ਕੰਪਨੀ ਤੋਂ ਲੈ ਕੇ ਮਾਓਵਾਦੀਆਂ ਤੱਕ ਦੇ ਨਾਲ ਮੁੰਗੇਰ ਦੇ ਨਾਜਾਇਜ਼ ਹਥਿਆਰ ਨਿਰਮਾਤਾਵਾਂ ਦੇ ਸੰਪਰਕਾਂ ਦਾ ਵੀ ਪਤਾ ਲੱਗਾ ਹੈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਪਾਕਿ ਸਮਰਥਿਤ ਅੱਤਵਾਦੀ ਅਤੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੇ ਨਿਰਮਾਤਾ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਲਈ ਭਾਰੀ ਖਤਰਾ ਬਣਦੇ ਜਾ ਰਹੇ ਹਨ, ਇਸ ਲਈ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਰਕਾਰਾਂ ਨੂੰ ਸੋਚ-ਵਿਚਾਰ ਕੇ ਜ਼ਿਆਦਾ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਜੇਕਰ ਇਹ ਬੁਰਾਈ ਹੋਰ ਵਧਦੀ ਗਈ ਤਾਂ ਇਸ ’ਤੇ ਕਾਬੂ ਪਾ ਸਕਣਾ ਔਖਾ ਹੋ ਜਾਵੇਗਾ।
-ਵਿਜੇ ਕੁਮਾਰ