ਹੁਣ ਮੋਹਨ ਭਾਗਵਤ ਨੂੰ ਮਿਲੇਗੀ ਮੋਦੀ ਅਤੇ ਸ਼ਾਹ ਵਰਗੀ ਸੁਰੱਖਿਆ
Thursday, Aug 29, 2024 - 05:05 AM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀ ਸੁਰੱਖਿਆ ਮਿਲੇਗੀ। ਦਰਅਸਲ, ਗ੍ਰਹਿ ਮੰਤਰਾਲਾ ਨੇ ਮੋਹਨ ਭਾਗਵਤ ਦੀ ਸੁਰੱਖਿਆ ਨੂੰ ਜ਼ੈੱਡ ਪਲੱਸ ਤੋਂ ਵਧਾ ਕੇ ਏ. ਐੱਸ. ਐੱਲ. (ਐਡਵਾਂਸਡ ਸਕਿਓਰਿਟੀ ਲਈਅਨ) ’ਚ ਬਦਲ ਦਿੱਤਾ ਹੈ।
ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਨੇ ਕਈ ਥਾਵਾਂ ’ਤੇ ਮੋਹਨ ਭਾਗਵਤ ਦੀ ਸੁਰੱਖਿਆ ’ਚ ਕਮਜ਼ੋਰੀ ਵੇਖੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨਵੇਂ ਸੁਰੱਖਿਆ ਪ੍ਰੋਟੋਕਾਲ ’ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਆਰ. ਐੱਸ. ਐੱਸ. ਮੁਖੀ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ। ਮੋਹਨ ਭਾਗਵਤ ਨੂੰ ਜੂਨ 2015 ’ਚ ਜ਼ੈੱਡ ਪਲੱਸ ਦੀ ਸੁਰੱਖਿਆ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਕਵਰ ਦੇਣ ਦਾ ਹੁਕਮ ਦਿੱਤਾ ਸੀ।