ਲਾਲੂ ਪਰਿਵਾਰ ਨੂੰ ਵੱਡਾ ਝਟਕਾ: ''10 ਸਰਕੂਲਰ ਰੋਡ'' ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ

Saturday, May 30, 2026 - 12:22 AM (IST)

ਲਾਲੂ ਪਰਿਵਾਰ ਨੂੰ ਵੱਡਾ ਝਟਕਾ: ''10 ਸਰਕੂਲਰ ਰੋਡ'' ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਦੇ ਸਭ ਤੋਂ ਚਰਚਿਤ ਸਿਆਸੀ ਪਤੇ '10 ਸਰਕੂਲਰ ਰੋਡ' ਸਥਿਤ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦਾ ਅਧਿਕਾਰਤ ਫਰਮਾਨ ਜਾਰੀ ਹੋ ਗਿਆ ਹੈ। ਬਿਹਾਰ ਸਰਕਾਰ ਦੇ ਭਵਨ ਨਿਰਮਾਣ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਅਤੇ ਬਿਹਾਰ ਵਿਧਾਨ ਪ੍ਰੀਸ਼ਦ ਵਿੱਚ ਵਿਰੋਧੀ ਧਿਰ ਦੀ ਨੇਤਾ ਰਾਬੜੀ ਦੇਵੀ ਨੂੰ ਇਹ ਹਾਈ-ਪ੍ਰੋਫਾਈਲ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਭੇਜਿਆ ਹੈ।

ਵਿਭਾਗੀ ਹੁਕਮਾਂ ਅਨੁਸਾਰ, ਇਹ ਆਲੀਸ਼ਾਨ ਬੰਗਲਾ ਹੁਣ ਭਾਰਤੀ ਜਨਤਾ ਪਾਰਟੀ (BJP) ਕੋਟੇ ਤੋਂ ਕੈਬਨਿਟ ਮੰਤਰੀ ਬਣੇ ਨੰਦਕਿਸ਼ੋਰ ਰਾਮ ਨੂੰ ਅਲਾਟ ਕਰ ਦਿੱਤਾ ਗਿਆ ਹੈ। ਮੰਤਰੀ ਨੂੰ ਜਲਦੀ ਹੀ ਇਸ ਨਵੇਂ ਘਰ ਵਿੱਚ ਸ਼ਿਫਟ ਹੋਣ ਲਈ ਕਿਹਾ ਗਿਆ ਹੈ, ਜਿਸ ਕਾਰਨ ਵਿਭਾਗ ਹੁਣ ਇਸ ਨੂੰ ਖਾਲੀ ਕਰਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ।

ਭਵਨ ਨਿਰਮਾਣ ਮੰਤਰੀ ਲੇਸ਼ੀ ਸਿੰਘ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਅਨੁਸਾਰ ਰਾਬੜੀ ਦੇਵੀ ਨੂੰ ਸਾਲ 2025 ਦੇ ਅੰਤ ਵਿੱਚ ਹੀ '39, ਹਾਰਡਿੰਗ ਰੋਡ' ਵਿਖੇ ਨਵੀਂ ਸਰਕਾਰੀ ਰਿਹਾਇਸ਼ ਅਲਾਟ ਕਰ ਦਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਨਵਾਂ ਬੰਗਲਾ ਮਿਲਣ ਦੇ ਬਾਵਜੂਦ ਲਾਲੂ ਪਰਿਵਾਰ ਨੇ ਲੰਬੇ ਸਮੇਂ ਤੋਂ ਪੁਰਾਣਾ ਬੰਗਲਾ ਖਾਲੀ ਨਹੀਂ ਕੀਤਾ। ਮੰਤਰੀ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਹੁਣ ਵਿਭਾਗ ਵੱਲੋਂ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਕਿਉਂਕਿ ਨਵਾਂ ਰਿਹਾਇਸ਼ ਪੂਰੀ ਤਰ੍ਹਾਂ ਤਿਆਰ ਅਤੇ ਸੁਸੱਜਿਤ ਹੈ।

ਦੱਸਣਯੋਗ ਹੈ ਕਿ '10 ਸਰਕੂਲਰ ਰੋਡ' ਸਥਿਤ ਇਹ ਬੰਗਲਾ ਪਿਛਲੇ ਕਈ ਸਾਲਾਂ ਤੋਂ ਲਾਲੂ-ਰਾਬੜੀ ਪਰਿਵਾਰ ਦੀਆਂ ਸਿਆਸੀ ਗਤੀਵਿਧੀਆਂ ਦਾ ਮੁੱਖ ਗੜ੍ਹ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਬਿਹਾਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਦੋਸ਼ਾਂ ਅਤੇ ਜਵਾਬੀ ਹਮਲਿਆਂ ਦਾ ਦੌਰ ਸ਼ੁਰੂ ਹੋਣਾ ਤੈਅ ਮੰਨਿਆ ਜਾ ਰਿਹਾ ਹੈ।


author

Inder Prajapati

Content Editor

Related News