ਨਿਤੀਸ਼ ਨੂੰ ਝਟਕਾ, ਕਾਂਗਰਸ ਦੇ ਵਾਰੇ-ਨਿਆਰੇ
Saturday, Feb 02, 2019 - 01:25 PM (IST)
ਪਟਨਾ— ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟੇਡ) ਨੂੰ ਝਟਕਾ ਲੱਗਾ ਹੈ। ਪਾਰਟੀ ਦੇ ਐੱਮ.ਐੱਲ.ਸੀ. ਅਤੇ ਸਾਬਕਾ ਵਿਧਾਇਕ ਰਿਸ਼ੀ ਮਿਸ਼ਰਾ ਨੇ ਜੇ.ਡੀ.ਯੂ. ਛੱਡ ਕੇ ਕਾਂਗਰਸ 'ਚ ਜਾਣ ਦਾ ਫੈਸਲਾ ਲਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਰਿਸ਼ੀ ਮਿਸ਼ਰਾ ਨੇ ਕਿਹਾ ਕਿ ਜੇ.ਡੀ.ਯੂ. ਨਾਲ ਕੰਮ ਕਰਨ 'ਚ ਬਹੁਤ ਪਰੇਸ਼ਾਨੀ ਹੋ ਰਹੀ ਸੀ, ਇਸ ਲਈ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ,''ਜੇ.ਡੀ.ਯੂ. ਨਾਲ ਕੰਮ ਕਰਨ 'ਚ ਬਹੁਤ ਪਰੇਸ਼ਾਨੀ ਹੋ ਰਹੀ ਸੀ। ਪਿਛਲੀਆਂ ਚੋਣਾਂ ਅਸੀਂ ਭਾਜਪਾ ਦੇ ਖਿਲਾਫ ਲੜੀਆਂ ਸਨ, ਮੇਰੀ ਵਿਧਾਨ ਸਭਾ ਦੇ ਲੋਕਾਂ ਨੇ ਭਾਜਪਾ ਦੇ ਖਿਲਾਫ ਵੋਟ ਦਿੱਤਾ ਸੀ ਤਾਂ ਮੈਂ ਕਿਵੇਂ ਲੋਕਾਂ ਨੂੰ ਹੁਣ ਇਸ ਦਾ ਜਵਾਬ ਦਿੰਦਾ? ਮੇਰੇ ਨਿਤੀਸ਼ ਜੀ ਨਾਲ ਕੋਈ ਮਤਭੇਦ ਨਹੀਂ ਹਨ ਪਰ ਮੈਂ ਭਾਜਪਾ ਨਾਲ ਕੰਮ ਨਹੀਂ ਕਰ ਸਕਦਾ। ਮੈਂ ਅੱਜ ਕਾਂਗਰਸ 'ਚ ਸ਼ਾਮਲ ਹੋਵੇਗਾ।''
ਉੱਥੇ ਹੀ ਜੇ.ਡੀ.ਯੂ. ਦੇ ਸੂਤਰਾਂ ਦਾ ਕਹਿਣਾ ਹੈ ਕਿ ਰਿਸ਼ੀ ਮਿਸ਼ਰਾ ਦੇ ਪਾਰਟੀ ਛੱਡਣ ਦਾ ਕਾਰਨ ਉਹ ਨਹੀਂ ਹੈ ਜੋ ਉਹ ਦੱਸ ਰਹੇ ਹਨ। ਪਾਰਟੀ ਸੂਤਰਾਂ ਨੇ ਦੱਸਿਆ,''ਮਿਸ਼ਰਾ ਨੇ ਪਾਰਟੀ ਇਸ ਲਈ ਛੱਡੀ, ਕਿਉਂਕਿ ਜਿਸ ਸੀਟ ਤੋਂ ਉਹ ਚੋਣਾਂ ਲੜਦੇ ਸਨ, ਇਸ ਵਾਰ ਭਾਜਪਾ-ਜੇ.ਡੀ.ਯੂ. ਦੇ ਗਠਜੋੜ ਕਾਰਨ ਉਹ ਸੀਟ ਭਾਜਪਾ ਦੇ ਖਾਤੇ 'ਚ ਜਾਵੇਗੀ ਅਤੇ ਇੱਥੋਂ ਮੌਜੂਦਾ ਸਮੇਂ ਵੀ ਭਾਜਪਾ ਦਾ ਹੀ ਵਿਧਾਇਕ ਹੈ। ਇਸ ਲਈ ਮਿਸ਼ਰਾ ਲਈ ਜੇ.ਡੀ.ਯੂ. 'ਚ ਇੱਥੋਂ ਕੋਈ ਜਗ੍ਹਾ ਨਹੀਂ ਬਣ ਰਹੀ ਸੀ।'' ਜ਼ਿਕਰਯੋਗ ਹੈ ਕਿ ਰਿਸ਼ੀ ਸਾਬਕਾ ਰੇਲ ਮੰਤਰੀ ਲਲਿਤ ਨਾਰਾਇਣ ਮਿਸ਼ਰਾ ਦੇ ਪੋਤੇ ਹਨ।
ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਿਹਾਰ ਐੱਨ.ਡੀ.ਏ. 'ਚ ਸੀਟਾਂ ਨੂੰ ਲੈ ਕੇ ਵੰਡ ਹੋ ਗਈ ਹੈ। 40 ਲੋਕ ਸਭਾ ਸੀਟਾਂ ਵਾਲੇ ਰਾਜ 'ਚ ਭਾਜਪਾ 17, ਜੇ.ਡੀ.ਯੂ. 17 ਅਤੇ ਐੱਲ.ਜੇ.ਪੀ. 6 ਸੀਟਾਂ 'ਤੇ ਚੋਣਾਂ ਲੜੇਗੀ। ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾ ਰਾਮਵਿਲਾਸ ਪਾਸਵਾਨ ਨੂੰ ਰਾਜ ਸਭਾ ਵੀ ਭੇਜਿਆ ਜਾਵੇਗਾ। ਕੁਝ ਸਮੇਂ ਪਹਿਲਾਂ ਕਾਨਫਰੈਂਸ ਕਰ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਹ ਐਲਾਨ ਕੀਤਾ ਸੀ।
