20 ਮਾਰਚ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ, ਡੈੱਥ ਵਾਰੰਟ ਜਾਰੀ

03/05/2020 2:46:34 PM

ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਕਤਲ ਕੇਸ ਦੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਖਤਮ ਹੋਣ ਮਗਰੋਂ ਅੱਜ ਭਾਵ ਵੀਰਵਾਰ ਨੂੰ ਫਾਂਸੀ ਦੀ ਤਾਰੀਕ 20 ਮਾਰਚ ਤੈਅ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਭਯਾ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। 

ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। 3 ਮਾਰਚ ਨੂੰ ਤੀਜੀ ਵਾਰ ਫਾਂਸੀ ਟਾਲ ਦਿੱਤੀ ਗਈ, ਕਿਉਂਕਿ ਦੋਸ਼ੀ ਪਵਨ ਨੇ ਰਾਸ਼ਟਰਪਤੀ ਸਾਹਮਣੇ ਦਯਾ ਪਟੀਸ਼ਨ ਦਾਇਰ ਕਰ ਦਿੱਤੀ ਸੀ। ਦਯਾ ਪਟੀਸ਼ਨ ਪੈਂਡਿੰਗ ਹੋਣ ਕਾਰਨ 3 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਟਾਲ ਦਿੱਤੀ ਗਈ ਸੀ। ਪਵਨ ਦੀ ਦਯਾ ਪਟੀਸ਼ਨ ਬੁੱਧਵਾਰ (4 ਮਾਰਚ) ਨੂੰ ਰਾਸ਼ਟਰਪਤੀ ਵਲੋਂ ਖਾਰਜ ਕਰ ਦਿੱਤੀ ਗਈ ਹੈ। ਅਜਿਹੇ 'ਚ ਦੋਸ਼ੀਆਂ ਕੋਲ ਪਹਿਲਾਂ ਸਾਰੇ ਬਦਲ ਖਤਮ ਹੋ ਚੁੱਕੇ ਹਨ।

ਕੀ ਹੈ ਮਾਮਲਾ— 
16 ਦਸੰਬਰ 2012 ਨੂੰ ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ 'ਚ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ: ਨਿਰਭਯਾ ਕੇਸ : ਹੁਣ ਫਾਂਸੀ ਤੋਂ ਨਹੀਂ ਬਚ ਸਕਣਗੇ ਦਰਿੰਦੇ


Iqbalkaur

Content Editor

Related News