ਸਿਵਲ ਹਸਪਤਾਲ ''ਚ ਨਵਜਨਮੀ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

Thursday, Aug 22, 2024 - 01:12 PM (IST)

ਸਿਵਲ ਹਸਪਤਾਲ ''ਚ ਨਵਜਨਮੀ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਫਰੀਦਾਬਾਦ- ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ 'ਚ ਜਣੇਪੇ ਦੌਰਾਨ ਨਵਜੰਮੀ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਅਤੇ ਹਸਪਤਾਲ ਦੇ ਸਟਾਫ 'ਤੇ ਜਣੇਪੇ 'ਚ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ। ਫਿਲਹਾਲ ਮ੍ਰਿਤਕ ਬੱਚੀ ਦੇ ਪਿਤਾ ਸੰਦੀਪ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ CMO ਅਤੇ ਪੁਲਸ ਨੂੰ ਸ਼ਿਕਾਇਤ ਦੇ ਕੇ ਬਣਦੀ ਜਾਂਚ ਦੀ ਮੰਗ ਕਰਨਗੇ ਤਾਂ ਜੋ ਉਸ ਦੀ ਪਤਨੀ ਦੀ ਡਿਲੀਵਰੀ ਦੌਰਾਨ ਕੀਤੀ ਗਈ ਲਾਪਰਵਾਹੀ ਸਾਹਮਣੇ ਆ ਸਕੇ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਓਧਰ ਬੱਚੀ ਦੇ ਚਾਚਾ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੰਦੀਪ ਕੱਲ੍ਹ ਸਵੇਰੇ 9 ਵਜੇ ਆਪਣੀ ਪਤਨੀ ਨੂੰ ਜਣੇਪੇ ਲਈ ਲੈ ਕੇ ਆਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਪਤਨੀ ਵਰਸ਼ਾ ਨੂੰ ਜਣੇਪੇ ਲਈ ਦਾਖਲ ਕਰ ਲਿਆ। ਉਸ ਨੂੰ ਦੱਸਿਆ ਗਿਆ ਕਿ ਬੱਚਾ ਸੁਰੱਖਿਅਤ ਹੈ। ਅੱਧੀ ਰਾਤ 12 ਵਜੇ ਤੱਕ ਉਸ ਦੀ ਪਤਨੀ ਦੀ ਡਿਲੀਵਰੀ ਹੋ ਜਾਵੇਗੀ। ਰਾਤ ਤੱਕ ਵੀ ਪਤਨੀ ਦੀ ਡਿਲੀਵਰੀ ਨਹੀਂ ਹੋਈ ਤਾਂ ਫਿਰ ਸਵੇਰੇ ਉਸ ਨੇ ਡਾਕਟਰ ਅਤੇ ਸਟਾਫ ਤੋਂ ਵਰਸ਼ਾ ਦਾ ਹਾਲ ਚਾਲ ਪੁੱਛਿਆ ਪਰ ਇਸ ਦੌਰਾਨ ਡਾਕਟਰ ਅਤੇ ਸਟਾਫ ਨੇ ਉਸ ਨਾਲ ਠੀਕ ਤਰ੍ਹਾਂ ਗੱਲ ਨਹੀਂ ਕੀਤੀ। ਸਿਰਫ ਦੱਸਿਆ ਕਿ ਵਰਸ਼ਾ ਦੀ ਨਾਰਮਲ ਡਿਲੀਵਰੀ ਹੋਵੇਗੀ। ਦੁਪਹਿਰ 1 ਵਜੇ ਤੱਕ ਉਸ ਦੀ ਸਿਹਤ ਵਿਗੜਨ ਲੱਗੀ। ਇਸ ਤੋਂ ਬਾਅਦ ਉਹ ਵਰਸ਼ਾ ਲਈ ਦੋ ਯੂਨਿਟ ਖੂਨ ਲੈ ਕੇ ਆਇਆ ਪਰ ਕੁਝ ਸਮੇਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। 

ਸੰਦੀਪ ਮੁਤਾਬਕ ਉਸ ਦੀ ਪਤਨੀ ਦੀ ਡਿਲੀਵਰੀ ਦੌਰਾਨ 4-4 ਸਟਾਫ ਨਰਸਾਂ ਨੇ ਨਾ ਸਿਰਫ ਉਸ ਦੇ ਪੇਟ ਨੂੰ ਦਬਾਇਆ ਸਗੋਂ ਉਸ ਦੇ ਪੇਟ ਵਿਚ ਮੁੱਕੇ ਮਾਰੇ ਅਤੇ ਡਿਲੀਵਰੀ ਕਰਾਉਣ ਲਈ ਹੇਠਾਂ ਇਕ ਕੱਟ ਵੀ ਲਾ ਦਿੱਤਾ। ਉਨ੍ਹਾਂ ਨੂੰ ਲੱਗਦਾ ਹੈ ਕਿ ਗਲਤੀ ਨਾਲ ਉਨ੍ਹਾਂ ਤੋਂ ਗਲਤ ਥਾਂ 'ਤੇ ਕੱਟ ਲੱਗ ਗਿਆ, ਜਿਸ ਕਾਰਨ ਵਰਸ਼ਾ ਦਾ ਖੂਨ ਵਹਿ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੋ ਗਈ। ਓਧਰ ਸੰਦੀਪ ਦੀ ਸੱਸ ਰੇਖਾ ਨੇ ਕਿਹਾ ਕਿ ਸਟਾਫ ਨੇ ਉਸ ਦੀ ਧੀ ਦੀ ਡਿਲੀਵਰੀ 'ਚ ਜਲਦਬਾਜ਼ੀ ਕੀਤੀ, ਜਿਸ ਕਾਰਨ ਡਿਲੀਵਰੀ ਦੌਰਾਨ ਉਸ ਦੀ ਬੱਚੇਦਾਨੀ 'ਚੋਂ ਕਾਫੀ ਖੂਨ ਵਹਿ ਗਿਆ ਅਤੇ ਉਸ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਟਾਫ਼ ਨੇ ਉਸ ਦੇ ਢਿੱਡ ਵਿਚ ਮੁੱਕਾ ਵੀ ਮਾਰਿਆ ਸੀ ਅਤੇ  ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਰੇਖਾ ਨੇ ਕਿਹਾ ਕਿ ਹਸਪਤਾਲ ਸਟਾਫ ਦੀ ਲਾਪਰਵਾਹੀ ਕਾਰਨ ਵਰਸ਼ਾ ਦੇ ਗਰਭ 'ਚ ਪਲ ਰਹੀ ਬੱਚੀ ਦੀ ਜਾਨ ਨਹੀਂ ਬਚ ਸਕੀ। ਉਹ ਚਾਹੁੰਦੀ ਹੈ ਕਿ ਡਿਲੀਵਰੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖਿਲਾਫ਼ ਉੱਚਿਤ ਕਾਰਵਾਈ ਕੀਤੀ ਜਾਵੇ।


author

Tanu

Content Editor

Related News