ਲੋਕਸਭਾ ਚੋਣਾਂ 2019 : ਹੁਣ ਤੱਕ 21 ਰਾਜਾਂ 'ਚ ਕਾਂਗਰਸ ਦਾ ਨਹੀਂ ਖੁਲ੍ਹਿਆ ਖਾਤਾ
Thursday, May 23, 2019 - 01:23 PM (IST)

ਨਵੀਂ ਦਿੱਲੀ (ਬਿਊਰੋ)— ਹੁਣ ਤੱਕ ਆਏ ਰੂਝਾਨਾਂ ਮੁਤਾਬਕ ਕੇਂਦਰ ਵਿਚ ਇਕ ਵਾਰ ਫਿਰ ਐੱਨ.ਡੀ.ਏ. ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੀ ਅਗਵਾਈ ਵਾਲਾ ਐੱਨ.ਡੀ.ਏ. ਗਠਜੋੜ 340 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬੀਜੇਪੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਪਾਰਟੀ 286 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਰੂਝਾਨ ਜੇਕਰ ਨਤੀਜਿਆਂ ਵਿਚ ਬਦਲਦੇ ਹਨ ਤਾਂ ਇਹ ਭਾਜਪਾ ਦੀ ਰਿਕਾਰਡ ਜਿੱਤ ਹੋਵੇਗੀ।
ਦੇਸ਼ ਭਰ ਵਿਚ ਰਾਜ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ 21 ਰਾਜਾਂ ਵਿਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਰਾਜ ਵਿਚ ਰਾਸ਼ਟਰੀ ਪਾਰਟੀ ਕਾਂਗਰਸ ਨੂੰ ਹਾਲੇ ਤੱਕ ਇਕ ਵੀ ਸੀਟ 'ਤੇ ਬੜਤ ਨਹੀਂ ਮਿਲੀ। ਕਾਂਗਰਸ ਲਈ ਬਿਹਾਰ ਤੋਂ ਵੀ ਚੰਗੀ ਖਬਰ ਨਹੀਂ ਹੈ। ਇੱਥੇ ਪਾਰਟੀ ਇਕ ਵੀ ਸੀਟ 'ਤੇ ਅੱਗੇ ਨਹੀਂ ਚੱਲ ਰਹੀ। ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ ਵਿਚ 50 'ਤੇ ਐੱਨ.ਡੀ.ਏ. ਗਠਜੋੜ ਅੱਗੇ ਹੈ, ਸਪਾ-ਬਸਪਾ ਗਠਜੋੜ 15 ਸੀਟਾਂ 'ਤੇ ਅੱਗੇ ਹੈ ਜਦਕਿ ਦੋ ਸੀਟਾਂ 'ਤੇ ਕਾਂਗਰਸ ਨੂੰ ਬੜਤ ਮਿਲੀ ਹੈ।
ਬਿਹਾਰ ਦੀਆਂ 40 ਸੀਟਾਂ ਵਿਚੋਂ 30 'ਤੇ ਐੱਨ.ਡੀ.ਏ. ਨੂੰ ਬੜਤ ਮਿਲੀ ਹੈ ਜਦਕਿ 6 ਸੀਟਾਂ 'ਤੇ ਮਹਾਗਠੋਜੜ ਅੱਗੇ ਹੈ। ਪੰਜਾਬ ਦੀਆਂ 13 ਸੀਟਾਂ ਵਿਚੋਂ 9 'ਤੇ ਕਾਂਗਰਸ ਅੱਗੇ ਹੈ ਜਦਕਿ 3 ਸੀਟਾਂ 'ਤੇ ਐੱਨ.ਡੀ.ਏ. ਨੇ ਬੜਤ ਬਣਾਈ ਹੋਈ ਹੈ। ਇੱਥੇ ਇਕ ਸੀਟ 'ਤੇ ਆਪ ਉਮੀਦਵਾਰ ਅੱਗੇ ਹੈ। ਝਾਰਖੰਡ ਵਿਚ 8 ਸੀਟਾਂ 'ਤੇ ਐੱਨ.ਡੀ.ਏ. ਦੀ ਬੜਤ ਹੈ ਜਦਕਿ ਪੰਜ ਸੀਟਾਂ 'ਤੇ ਯੂ.ਪੀ.ਏ. ਗਠਜੋੜ ਅੱਗੇ ਹੈ।