ਦਿੱਲੀ ’ਚ ਹਵਾ ਪ੍ਰਦੂਸ਼ਣ ਨਾਲ ਸਾਹ ਸਬੰਧੀ ਬੀਮਾਰੀਆਂ ਵਧੀਆਂ

Sunday, Nov 24, 2024 - 12:55 AM (IST)

ਦਿੱਲੀ ’ਚ ਹਵਾ ਪ੍ਰਦੂਸ਼ਣ ਨਾਲ ਸਾਹ ਸਬੰਧੀ ਬੀਮਾਰੀਆਂ ਵਧੀਆਂ

ਨਵੀਂ ਦਿੱਲੀ, (ਭਾਸ਼ਾ)- ਡਾਕਟਰਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬੀਮਾਰੀਆਂ ਵਧ ਗਈਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹਵਾ ਦੀ ਇਹ ਘਟੀਆ ਗੁਣਵੱਤਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਮਰੀਜ਼ਾਂ ਲਈ ਨੁਕਸਾਨਦੇਹ ਹੈ ਜੋ ਪਹਿਲਾਂ ਹੀ ਫੇਫੜਿਆਂ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਹੇਨ। ‘ਰੈਸਪੀਰੇਟਰੀ ਮੈਡੀਸਨ’ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਅੰਕਿਤਾ ਗੁਪਤਾ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਕਣ ਫੇਫੜਿਆਂ ਵਿਚ ਪਹੁੰਚ ਕੇ ਸਾਹ ਦੀਆਂ ਬੀਮਾਰੀਆਂ ਨੂੰ ਵਧਾਉਂਦੇ ਹਨ।

ਇਸ ਨਾਲ ਸਾਹ ਲੈਣ ਵਿਚ ਤਕਲੀਫ, ਗਲੇ ਵਿਚ ਖਰਾਸ਼ ਅਤੇ ਕੁਝ ਮਾਮਲਿਆਂ ਵਿਚ ਸੈਕੰਡਰੀ ਇਨਫੈਕਸ਼ਨ ਵਰਗੇ ਲੱਛਣ ਹੋ ਸਕਦੇ ਹਨ। ਡਾ. ਗੁਪਤਾ ਨੇ ਕਿਹਾ ਿਕ ਪਹਿਲਾਂ ਤੋਂ ਹੀ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਸਾਲ ਭਰ ਨਿਯਮਤ ਦਵਾਈਆਂ ਲੈਣੀਆਂ ਪੈਂਦੀਆਂ ਹਨ।

ਸਰ ਗੰਗਾ ਰਾਮ ਹਸਪਤਾਲ ’ਚ ਚੈਸਟ ਮੈਡੀਸਨ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਉੱਜਵਲ ਪਾਰਸ਼ ਨੇ ਕਿਹਾ ਕਿ ਪ੍ਰਦੂਸ਼ਕਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਸੋਜਿਸ਼, ਸਾਹ ਨਾਲੀ ਦੇ ਸੁੰਘੜਨ ਅਤੇ ਫੇਫੜਿਆਂ ਦੇ ਕੰਮ ਵਿਚ ਕਮੀ ਹੋ ਸਕਦੀ ਹੈ, ਜਿਸ ਨਾਲ ਦਮਾ, ਸੀ. ਡੀ. ਪੀ. ਡੀ. ਜਾਂ ਕ੍ਰੋਨਿਕ ਬ੍ਰੋਂਕਾਈਟਿਸ ਵਰਗੀਆਂ ਸਥਿਤੀਆਂ ਦਾ ਆਮ ਇਲਾਜ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।


author

Rakesh

Content Editor

Related News