ਨਵਨੀਤ ਰਾਣਾ ਨੇ ਮਹਾਰਾਸ਼ਟਰ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਕੀਤੀ ਮੰਗ

Saturday, Jun 25, 2022 - 05:35 PM (IST)

ਨਵਨੀਤ ਰਾਣਾ ਨੇ ਮਹਾਰਾਸ਼ਟਰ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਕੀਤੀ ਮੰਗ

ਨਾਗਪੁਰ– ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਦੇ ਵਿਦਰੋਹ ਅਤੇ ਕੁਝ ਬਾਗੀ ਵਿਧਾਇਕਾ ਦੇ ਦਫ਼ਤਰਾਂ ’ਤੇ ਹਮਲੇ ਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦਰਮਿਆਨ ਅਮਰਾਵਤੀ ਤੋਂ ਆਜ਼ਾਦ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਣਾ ਚਾਹੀਦਾ ਹੈ, ਤਾਂ ਕਿ ਊਧਵ ਠਾਕਰੇ ਦੀ ਗੁੰਡਾਗਰਦੀ ਬੰਦ ਹੋਵੇ ਅਤੇ ਮਹਾਰਾਸ਼ਟਰ ਦੇ ਲੋਕਾਂ ਦੀ ਇਸ ਤੋਂ ਸੁਰੱਖਿਆ ਕੀਤੀ ਜਾ ਸਕੇ।

ਵੀਡੀਓ ਸੰਦੇਸ਼ ’ਚ ਰਾਣਾ ਨੇ ਕਿਹਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਮ ਤੋਂ ਉਨ੍ਹਾਂ ਸਾਰੇ ਵਿਧਾਇਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰਨ ਦੀ ਬੇਨਤੀ ਕਰਨਾ ਚਾਹੁੰਦੀ ਹਾਂ, ਜੋ ਸ਼ਿਵ ਸੈਨਾ ਸਮੂਹ ’ਚ ਗਏ ਹਨ, ਜਿਸ ਦੀ ਅਗਵਾਈ ਏਕਨਾਥ ਸ਼ਿੰਦੇ ਕਰ ਰਹੇ ਹਨ। ਦੱਸ ਦੇਈਏ ਕਿ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ, ਊਧਵ ਠਾਕਰੇ ਦੇ ਆਲੋਚਕ ਹਨ ਅਤੇ ਉਨ੍ਹਾਂ ਨੇ ਅਪ੍ਰੈਲ ’ਚ ਐਲਾਨ ਕੀਤਾ ਸੀ ਕਿ ਉਹ ਮੁੰਬਈ ਦੇ ਬਾਂਦਰਾ ਸਥਿਤ ਸ਼ਿਵ ਸੈਨਾ ਮੁਖੀ ਦੇ ਨਿੱਜੀ ਘਰ ‘ਮਾਤੋਸ਼੍ਰੀ’ ਦੇ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ। ਜੋੜੇ ਨੂੰ 23 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਮਈ ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਏਕਨਾਥ ਸ਼ਿੰਦੇ ਅਤੇ ਵੱਡੀ ਗਿਣਤੀ ’ਚ ਵਿਧਾਇਕਾਂ ਨੇ 21 ਜੂਨ ਨੂੰ ਊਧਵ ਠਾਕਰੇ ਖ਼ਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ। ਵਿਦਰੋਹੀ ਸਮੂਹ ਦੀ ਮੁੱਖ ਮੰਗ ਹੈ ਕਿ ਸ਼ਿਵ ਸੈਨਾ ਸੱਤਾਧਾਰੀ ਮਹਾਵਿਕਾਸ ਅਘਾੜੀ (MVA) ਤੋਂ ਖ਼ੁਦ ਨੂੰ ਵੱਖ ਕਰੇ, ਜਿਸ ’ਚ ਰਾਕਾਂਪਾ ਅਤੇ ਕਾਂਗਰਸ ਸ਼ਾਮਲ ਹਨ।


author

Tanu

Content Editor

Related News