ਕਿਸੇ ਭੁਲੇਖੇ 'ਚ ਨਾ ਰਹਿਣ ਲੋਕ, ਜਾਣਨ NPR/NRC 'ਚ ਫਰਕ

Tuesday, Dec 24, 2019 - 03:26 PM (IST)

ਕਿਸੇ ਭੁਲੇਖੇ 'ਚ ਨਾ ਰਹਿਣ ਲੋਕ, ਜਾਣਨ NPR/NRC 'ਚ ਫਰਕ

ਨਵੀਂ ਦਿੱਲੀ— ਦੇਸ਼ 'ਚ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐੱਨ. ਆਰ. ਸੀ.) 'ਤੇ ਸਿਆਸਤ ਗਰਮਾਈ ਹੋਈ ਹੈ। ਮੋਦੀ ਸਰਕਾਰ ਨੇ ਹੁਣ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਨੂੰ ਲੈ ਕੇ ਵੱਡਾ ਫੈਸਲਾ ਲੈ ਲਿਆ ਹੈ। ਮੋਦੀ ਕੈਬਨਿਟ ਨੇ ਇਸ ਨੂੰ ਅੱਜ ਭਾਵ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਜਨਸੰਖਿਆ ਰਜਿਸਟਰ ਤਹਿਤ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਨਾਮ ਇਸ ਰਜਿਸਟਰ ਵਿਚ ਦਰਜ ਕਰਾਉਣਾ ਜ਼ਰੂਰੀ ਹੋਵੇਗਾ। ਇੱਥੇ ਦੱਸ ਦੇਈਏ ਕਿ ਐੱਨ. ਪੀ. ਆਰ. ਦਾ ਸੀ. ਏ. ਏ. ਅਤੇ ਐੱਨ. ਆਰ. ਸੀ. ਨਾਲ ਕੋਈ ਸੰਬੰਧ ਨਹੀਂ ਹੈ।

ਜਾਣੋ ਐੱਨ. ਪੀ. ਆਰ. ਬਾਰੇ—
ਰਾਸ਼ਟਰੀ ਜਨਸੰਖਿਆ ਰਜਿਸਟਰ ਤਹਿਤ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਨਾਮ ਇਸ ਰਜਿਸਟਰ ਵਿਚ ਦਰਜ ਕਰਾਉਣਾ ਜ਼ਰੂਰੀ ਹੋਵੇਗਾ। ਦੇਸ਼ ਦੇ ਹਰ ਨਾਗਰਿਕ ਦਾ ਲੇਖਾ-ਜੋਖਾ ਰਹੇਗਾ। ਖਾਸ ਗੱਲ ਇਹ ਹੈ ਕਿ ਕਿਸੇ ਥਾਂ 'ਤੇ 6 ਮਹੀਨੇ ਤੋਂ ਰਹਿਣ ਵਾਲੇ ਸ਼ਖਸ ਨੂੰ ਇਸ ਰਜਿਸਟਰ 'ਚ ਆਪਣਾ ਨਾਮ ਦਰਜ ਕਰਾਉਣਾ ਜ਼ਰੂਰੀ ਹੋਵੇਗਾ।

ਐੱਨ. ਪੀ. ਆਰ. ਅਤੇ ਐੱਨ. ਆਰ. ਸੀ. 'ਚ ਵੱਡਾ ਫਰਕ—
ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ (ਐੱਨ. ਆਰ. ਸੀ.) 'ਚ ਬਹੁਤ ਵੱਡਾ ਫਰਕ ਹੈ। ਐੱਨ. ਆਰ. ਸੀ. ਦੇ ਪਿੱਛੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਲੋਕਾਂ ਦੀ ਪਛਾਣ ਕਰਨਾ ਹੈ। ਸਿੱਧੇ ਸ਼ਬਦਾਂ 'ਚ ਸਮਝੀਏ ਤਾਂ ਐੱਨ. ਆਰ. ਸੀ. ਜਿੱਥੇ ਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠੀਏ ਨੂੰ ਬਾਹਰ ਕੱਢਣ ਦੀ ਕਵਾਇਦ ਹੈ। ਜਿਨ੍ਹਾਂ ਲੋਕਾਂ ਨੇ ਨਾਮ ਐੱਨ. ਆਰ. ਸੀ. 'ਚ ਸ਼ਾਮਲ ਨਹੀਂ ਹਨ, ਉਹ ਗੈਰ-ਕਾਨੂੰਨੀ ਨਾਗਰਿਕ ਕਹਾਉਣਗੇ। ਐੱਨ. ਆਰ. ਸੀ. ਦੇ ਹਿਸਾਬ ਨਾਲ 25 ਮਾਰਚ 1971 ਤੋਂ ਪਹਿਲਾਂ ਆਸਾਮ 'ਚ ਰਹਿ ਰਹੇ ਲੋਕਾਂ ਨੂੰ ਭਾਰਤੀ ਮੰਨਿਆ ਗਿਆ ਹੈ। ਫਿਲਹਾਲ ਇਹ ਆਸਾਮ 'ਚ ਲਾਗੂ ਹੈ। ਉੱਥੇ ਹੀ ਐੱਨ. ਪੀ. ਆਰ. 'ਚ 6 ਮਹੀਨੇ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਕਿਸੇ ਇਕ ਥਾਂ 'ਤੇ ਰਹਿਣ ਵਾਲੇ ਵਿਅਕਤੀ ਪੁਰਸ਼/ਇਸਤਰੀ ਨੂੰ ਰਾਸ਼ਟਰੀ ਜਨਸੰਖਿਆ ਰਜਿਸਟਰ ਯਾਨੀ ਕਿ ਐੱਨ. ਪੀ. ਆਰ. 'ਚ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ ਹੈ। ਐੱਨ. ਪੀ. ਆਰ. ਦਾ ਮੁੱਖ ਮਕਸਦ ਬਾਇਓਮੈਟ੍ਰਿਕ ਡਾਟਾ ਤਿਆਰ ਕਰ ਕੇ ਅਸਲੀ ਲਾਭਪਾਤਰੀਆਂ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ।

ਯੂ. ਪੀ. ਏ. ਸਰਕਾਰ ਨੇ ਕੀਤੀ ਸੀ ਸ਼ੁਰੂਆਤ—
ਕੈਬਨਿਟ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਐੱਨ.ਪੀ. ਆਰ. ਦਾ ਰਾਹ ਸਾਫ ਹੋ ਗਿਆ ਹੈ। ਇਸ ਨੂੰ ਫਿਰ ਤੋਂ ਅਪਡੇਟ ਕੀਤਾ ਜਾਵੇਗਾ, ਕਿਉਂਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਨੇ ਸਾਲ 2010 'ਚ ਐੱਨ. ਪੀ. ਆਰ. ਬਣਾਉਣ ਦੀ ਪਹਿਲ ਸ਼ੁਰੂ ਕੀਤੀ ਸੀ।

ਲੋਕਾਂ ਦੇ ਦਿਮਾਗ 'ਚ ਉਠੇਗਾ ਸਵਾਲ—
ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਲੋਕਾਂ ਦੇ ਦਿਮਾਗ 'ਚ ਸਵਾਲ ਉਠੇਗਾ ਕਿ ਆਧਾਰ ਕਾਰਡ, ਪਾਸਪੋਰਟ, ਵੋਟਰ ਪਛਾਣ ਪੱਤਰ, ਰਾਸ਼ਨ ਕਾਰਡ, ਬੈਂਕ ਦੀ ਪਾਸਬੁੱਕ, ਬਿਜਲੀ ਦਾ ਬਿੱਲ, ਰਜਿਸਟਰੀ ਦਾ ਪੇਪਰ, ਪਾਣੀ ਦਾ ਬਿੱਲ, ਗੈਸ ਦਾ ਕੁਨੈਕਸ਼ਨ ਦੇ ਰਹਿੰਦੇ ਆਖਰਕਾਰ ਐੱਨ. ਪੀ. ਆਰ. ਦੀ ਲੋੜ ਕਿਉਂ ਹੈ? ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਐੱਨ. ਪੀ. ਆਰ. 'ਚ ਦੇਸ਼ ਵਿਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ।


author

Tanu

Content Editor

Related News