ਭਾਰਤ ਜਲਦ ਹੀ ਬਣੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ : PM ਮੋਦੀ
Saturday, Dec 14, 2024 - 06:20 PM (IST)
ਨਵੀਂ ਦਿੱਲੀ- ਲੋਕ ਸਭਾ ਦਾ ਸਰਦ ਰੁੱਤ ਸੈਸ਼ਨ ਜਾਰੀ ਹੈ। ਇਸ ਦੌਰਾਨ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਸੰਵਿਧਾਨ 'ਤੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪੁੱਜੇ, ਜਿੱਥੇ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦਾ ਸਦਨ 'ਚ 'ਭਾਰਤ ਮਾਤਾ ਕੀ ਜੈ' ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ, ਜਿਸ ਨਾਲ ਪੂਰਾ ਸੰਸਦ ਕੰਪਲੈਕਸ ਗੂੰਜ ਉੱਠਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ 'ਤੇ ਲੋਕ ਸਭਾ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਸਾਡਾ ਗਣਤੰਤਰ ਪੂਰੀ ਦੁਨੀਆ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ,"ਇਹ ਸਾਡੇ ਲੋਕਤੰਤਰ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਭਾਰਤ ਦਾ ਨਾਗਰਿਕ ਹਰ ਇਮਤਿਹਾਨ 'ਤੇ ਖਰਾ ਉਤਰਿਆ ਹੈ ਅਤੇ ਸਾਡੇ ਲੋਕਤੰਤਰ ਦੀ ਸਫ਼ਲਤਾ ਦਾ ਆਧਾਰ ਬਣਿਆ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਲੋਕ ਸਭਾ ਨੂੰ ਆਪਣੇ ਸੰਬੋਧਨ 'ਚ ਰਾਜਰਸ਼ੀ ਪੁਰਸ਼ੋਤਮ ਦਾਸ ਟੰਡਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀ ਲੋਕਤੰਤਰੀ ਯਾਤਰਾ ਅਤੇ ਇਸ ਦੀਆਂ ਪ੍ਰਾਪਤੀਆਂ ਨੂੰ ਅਸਾਧਾਰਨ ਦੱਸਿਆ। ਪੀ.ਐੱਮ. ਮੋਦੀ ਨੇ ਕਿਹਾ,"ਰਾਜਰਸ਼ੀ ਟੰਡਨ ਅਤੇ ਬਾਬਾ ਸਾਹਿਬ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਭਾਰਤ ਦੀ ਲੋਕਤੰਤਰੀ ਨੀਂਹ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਯੋਗਦਾਨ ਅਮੁੱਲ ਹੈ।" ਪ੍ਰਧਾਨ ਮੰਤਰੀ ਨੇ 75 ਸਾਲਾਂ ਦੀ ਲੋਕਤੰਤਰੀ ਯਾਤਰਾ ਨੂੰ ਦੇਸ਼ ਦੇ ਨਾਗਰਿਕਾਂ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਕਿਹਾ,''ਮੈਂ ਇਸ ਮਹਾਨ ਪ੍ਰਾਪਤੀ ਲਈ ਦੇਸ਼ ਦੇ ਨਾਗਰਿਕਾਂ ਨੂੰ ਨਮਨ ਕਰਦਾ ਹਾਂ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਆਪਣੇ ਸੰਬੋਧਨ ਦੌਰਾਨ ਨਾਰੀ ਸ਼ਕਤੀ ਵੰਦਨ ਐਕਟ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਐਕਟ ਔਰਤਾਂ ਨੂੰ ਸਿਆਸੀ ਭਾਗੀਦਾਰੀ ਦੇ ਵੱਧ ਮੌਕੇ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ। ਪੀਐੱਮ ਮੋਦੀ ਨੇ ਕਿਹਾ,"ਭਾਰਤ ਨੇ ਸ਼ੁਰੂ ਤੋਂ ਹੀ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ। ਅੱਜ ਸੰਸਦ 'ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਾਰੀ ਸ਼ਕਤੀ ਵੰਦਨ ਐਕਟ ਇਸ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਹੈ।"
ਦੇਸ਼ ਦੀ ਤੇਜ਼ ਆਰਥਿਕ ਤਰੱਕੀ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,"ਅੱਜ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।" ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਹਰ ਭਾਰਤੀ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸਾਡੀ ਤਰਜੀਹ ਹੈ। ਜਦੋਂ ਮਹਿਲਾ ਸ਼ਕਤੀ ਅੱਗੇ ਵਧੇਗੀ ਤਾਂ ਦੇਸ਼ ਹਰ ਖੇਤਰ 'ਚ ਨਵੀਆਂ ਉਚਾਈਆਂ ਨੂੰ ਛੂਹੇਗਾ।" ਪੀਐੱਮ ਮੋਦੀ ਨੇ ਕਿਹਾ,"ਸਾਡਾ ਲੋਕਤੰਤਰ ਅਤੇ ਸਾਡੀ ਅਰਥਵਿਵਸਥਾ ਦੁਨੀਆ ਲਈ ਪ੍ਰੇਰਨਾ ਬਣ ਰਹੀ ਹੈ। ਭਾਰਤ ਦਾ ਭਵਿੱਖ ਉੱਜਵਲ ਹੈ ਅਤੇ ਵਿਕਾਸ ਦੀ ਇਹ ਯਾਤਰਾ ਨਿਰਵਿਘਨ ਜਾਰੀ ਰਹੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8