PM ਮੋਦੀ ਨੇ ਫੋਨ ਕਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਹਾਲ-ਚਾਲ ਪੁੱਛਿਆ

Monday, Jun 15, 2020 - 01:55 PM (IST)

PM ਮੋਦੀ ਨੇ ਫੋਨ ਕਰ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਹਾਲ-ਚਾਲ ਪੁੱਛਿਆ

ਹਰਿਆਣਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਫੋਨ ਕਰ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਮੰਤਰੀ ਦੇ ਪੱਟ ਦੀ ਹੱਡੀ ਟੁੱਟ ਗਈ ਹੈ ਅਤੇ ਸਰਜਰੀ ਦੇ ਬਾਅਦ ਤੋਂ ਉਹ ਮੋਹਾਲੀ ਦੇ ਹਸਪਤਾਲ 'ਚ ਹਨ। ਵਿਜ ਨੇ ਇਕ ਟਵੀਟ 'ਚ ਕਿਹਾ,''ਸਵੇਰੇ 9.44 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਫੋਨ ਕੀਤਾ ਅਤੇ ਮੇਰਾ ਹਾਲਚਾਲ ਪੁੱਛਿਆ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਫੋਨ ਆਉਂਦੇ ਹੀ ਉਨ੍ਹਾਂ ਦੀ ਸਾਰੀ ਤਕਲੀਫ਼ ਦੂਰ ਹੋ ਗਈ। ਵਿਜ ਨੇ ਕਿਹਾ,''ਤੁਸੀਂ ਮੇਰੇ ਵਰਗੇ ਆਮ ਵਰਕਰ ਦਾ ਧਿਆਨ ਰੱਖਦੇ ਹੋ, ਇਸ ਲਈ ਮੈਂ ਆਭਾਰ ਪ੍ਰਗਟ ਕਰਦਾ ਹਾਂ।'' ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਫੋਨ 'ਤੇ ਕਰੀਬ 5 ਮਿੰਟ ਤੱਕ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਵਿਜ ਨੇ ਫੋਨ 'ਤੇ ਦੱਸਿਆ,''ਉਨ੍ਹਾਂ ਨੇ ਮੇਰੇ ਨਾਲ ਕਰੀਬ 5 ਮਿੰਟ ਤੱਕ ਗੱਲ ਕੀਤੀ। ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਵੇਂ ਡਿੱਗਿਆ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸ਼ਾਮ ਨੂੰ ਜ਼ਰੂਰੀ ਅਧਿਕਾਰਤ ਬੈਠਕ ਸੀ, ਜਿਸ ਨੂੰ ਲੈ ਕੇ ਮੈਂ ਜਲਦ ਤਿਆਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੌਰਾਨ ਇਹ ਹੋਇਆ।''

ਵਿਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ।67 ਸਾਲਾ ਵਿਜ ਕਰੀਬ ਇਕ ਹਫ਼ਤੇ ਤੱਕ ਹਸਪਤਾਲ 'ਚ ਰਹਿ ਸਕਦੇ ਹਨ। ਭਾਜਪਾ ਦੇ ਨੇਤਾ ਅੰਬਾਲਾ ਛਾਉਣੀ ਸਥਿਤ ਆਪਣੇ ਘਰ 'ਚ ਨਹਾਉਣ ਦੌਰਾਨ ਮੰਗਲਵਾਰ ਨੂੰ ਫਿਸਲ ਗਏ ਸਨ ਅਤੇ ਇਸ ਕਾਰਨ ਖੱਬੇ ਪੱਟ ਦੀ ਹੱਡੀ ਟੁੱਟ ਗਈ। ਇਸ ਦੇ ਇਕ ਦਿਨ ਬਾਅਦ ਮੋਹਾਲੀ ਹਸਪਤਾਲ 'ਚ ਉਨ੍ਹਾਂ ਦੀ ਸਰਜਰੀ ਹੋਈ। ਮੰਗਲਵਾਰ ਨੂੰ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਅੰਬਾਲਾ ਛਾਉਣੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸੀਨੀਅਰ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਫਿਰ ਉਨ੍ਹਾਂ ਨੂੰ ਬਾਅਦ 'ਚ ਮੋਹਾਲੀ ਦੇ ਹਸਪਤਾਲ 'ਚ ਭਰਤੀ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ 2 ਵਾਰ ਉਨ੍ਹਾਂ ਨੂੰ ਮਿਲਣ ਮੋਹਾਲੀ ਦੇ ਇਸ ਹਸਪਤਾਲ 'ਚ ਗਏ ਹਨ ਅਤੇ ਸਿਹਤ ਦੀ ਜਾਣਕਾਰੀ ਲਈ ਹੈ। ਵਿਜ ਅੰਬਾਲਾ ਛਾਉਣੀ ਤੋਂ 6ਵੀਂ ਵਾਰ ਵਿਧਾਇਕ ਹਨ। ਇਸ ਤੋਂ ਪਹਿਲਾਂ ਵੀ ਮੰਤਰੀ ਨਹਾਉਂਦੇ ਸਮੇਂ ਫਿਸਲ ਗਏ ਸਨ ਅਤੇ ਉਨ੍ਹਾਂ ਦੀ ਛਾਤੀ 'ਤੇ ਹਲਕੀਆਂ ਸੱਟਾਂ ਲੱਗੀਆਂ ਸਨ।


author

DIsha

Content Editor

Related News