ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ
Tuesday, Apr 06, 2021 - 12:02 PM (IST)
ਨਵੀਂ ਦਿੱਲੀ (ਕਮਲ ਕਾਂਸਲ)- ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਿਜਾਉਣ ਲਈ ਯੂ.ਪੀ. ਪੁਲਸ ਪੰਜਾਬ ਦੀ ਰੂਪਨਗਰ ਜੇਲ੍ਹ 'ਚ ਹੈ। ਇਸ ਵਿਚਕਾਰ ਮੁਖਤਾਰ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਅਰਜ਼ੀ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਵਿਕਾਸ ਦੁਬੇ ਮਾਮਲੇ 'ਚ ਯੂ.ਪੀ. ਪੁਲਸ ਦਾ ਰਵੱਈਆ ਰਿਹਾ ਹੈ, ਕਿਤੇ ਉਸੇ ਤਰ੍ਹਾਂ ਹੀ ਕੁਝ ਉਨ੍ਹਾਂ ਦੇ ਪਤੀ ਨਾਲ ਨਾ ਹੋ ਜਾਵੇ। ਲਿਹਾਜਾ ਉਹ ਕੋਰਟ ਤੋਂ ਆਪਣੇ ਪਤੀ ਦੀ ਸੁਰੱਖਿਆ ਚਾਹੁੰਦੀ ਹੈ। ਕੋਰਟ ’ਚ ਪੇਸ਼ੀ ਦੌਰਾਨ ਵੀ ਮੁਖਤਾਰ ਅੰਸਾਰੀ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਪਟੀਸ਼ਨ ’ਚ ਵਿਕਾਸ ਦੁਬੇ ਐਨਕਾਊਂਟਰ ਮਾਮਲੇ ਦੀ ਉਦਾਹਰਣ ਦਿੱਤੀ ਗਈ ਹੈ।
ਹਾਲਾਂਕਿ, ਅਜੇ ਇਸ ਅਰਜ਼ੀ ’ਤੇ ਸੁਣਵਾਈ ਨਹੀਂ ਹੋਈ। ਮੁਖਤਾਰ ਅੰਸਾਰੀ ਦੀ ਪਤਨੀ ਵਲੋਂ ਸੁਪਰੀਮ ਕੋਰਟ ’ਚ ਦਾਖ਼ਲ ਕੀਤੀ ਗਈ ਅਰਜ਼ੀ ’ਚ ਮੰਗ ਕੀਤੀ ਗਈ ਹੈ ਕਿ ਪੰਜਾਬ ਤੋਂ ਯੂ.ਪੀ. ਸ਼ਿਫਟ ਕਰਨ ਦੌਰਾਨ ਮੁਖਤਾਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਡਰ ਇਸ ਗੱਲ ਦਾ ਹੈ ਕਿ ਉਨ੍ਹਾਂ ਦਾ ਇਸ ਦੌਰਾਨ ਫਰਜ਼ੀ ਤਰੀਕੇ ਨਾਲ ਐਨਕਾਊਂਟਰ ਨਾ ਹੋਵੇ। ਮੁਖਤਾਰ ਨੂੰ ਫਰੀ ਐਂਡ ਫੇਅਰ ਟਰਾਇਲ ਦਾ ਮੌਕਾ ਮਿਲਦਾ ਚਾਹੀਦਾ ਹੈ। ਇਸ ਦੇ ਨਾਲ ਹੀ ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਖਤਾਰ ਨੂੰ ਜੇਲ੍ਹ ’ਚ ਸ਼ਿਫਟ ਕਰਨ ਦੌਰਾਨ ਉਨ੍ਹਾਂ ਦੇ ਪੂਰੇ ਸਫਰ ਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਇਹ ਸ਼ਿਫਟਿੰਗ ਦੀ ਕਾਰਵਾਈ ਹੋ ਰਹੀ ਹੈ ਤਾਂ ਉਹ ਕੇਂਦਰੀ ਸੁਰੱਖਿਆ ਫੋਰਸ ਦੇ ਸੁਰੱਖਿਆ ਘੇਰੇ ’ਚ ਹੋਵੇ।
ਰੋਪੜ ਜੇਲ੍ਹ ’ਚ ਬੰਦ ਹੈ ਮੁਖਤਾਰ ਅੰਸਾਰੀ
ਮੁਖਤਾਰ ਅੰਸਾਰੀ ਇਕ ਮਾਮਲੇ ’ਚ ਪੰਜਾਬ ਦੀ ਰੋਪੜ ਜੇਲ੍ਹ ’ਚ ਬੰਦ ਹੈ। ਅੰਸਾਰੀ ਨੂੰ ਲੈ ਕੇ ਯੂ.ਪੀ. ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਸੁਪਰੀਮ ਕੋਰਟ ਤਕ ਮਾਮਲਾ ਚੱਲਿਆ। 26 ਮਾਰਚ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਪੰਜਾਬ ਦੀ ਜੇਲ੍ਹ ’ਚ ਬੰਦ ਮੁਖਤਾਰ ਨੂੰ ਦੋ ਹਫ਼ਤਿਆਂ ’ਚ ਉੱਤਰ ਪ੍ਰਦੇਸ਼ ਭੇਜਣ ਦਾ ਹੁਕਮ ਦਿੱਤਾ। ਅਦਾਲਤ ਨੇ ਮੁੱਖਤਾਰ ਦੀ ਕਸਟਡੀ ਟ੍ਰਾਂਸਫਰ ਪਟੀਸ਼ਨ ’ਤੇ ਇਹ ਫੈਸਲਾ ਸੁਣਾਇਆ ਸੀ।