‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਐੱਮ. ਐੱਸ. ਪੀ. ਦੀ ਮਿਲੇਗੀ ਕਾਨੂੰਨੀ ਗਾਰੰਟੀ : ਰਾਹੁਲ

Friday, Feb 16, 2024 - 08:22 PM (IST)

‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਐੱਮ. ਐੱਸ. ਪੀ. ਦੀ ਮਿਲੇਗੀ ਕਾਨੂੰਨੀ ਗਾਰੰਟੀ : ਰਾਹੁਲ

ਰੋਹਤਾਸ/ਸਾਸਾਰਾਮ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਸੱਤਾ ’ਚ ਆਉਂਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਦੇਸ਼ ’ਚ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਸਵੀਕਾਰ ਕਰੇਗੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਏਗੀ। ਗਾਂਧੀ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਤਹਿਤ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਨੇਤਾ ਤੇਜਸਵੀ ਯਾਦਵ ਨਾਲ ਰੋਹਤਾਸ ਜ਼ਿਲੇ ਦੇ ਚੇਨਾਰੀ ਥਾਣੇ ਅਧੀਨ ਪੈਂਦੇ ਟੇਕਾਰੀ ’ਚ ਆਯੋਜਿਤ ‘ਕਿਸਾਨ ਨਿਆਏ ਮਹਾਪੰਚਾਇਤ’ ’ਚ ਪਹੁੰਚੇ ਅਤੇ ਉਨ੍ਹਾਂ ਨੇ ਮੰਜੇ ’ਤੇ ਬੈਠ ਕੇ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ।

ਗਾਂਧੀ ਨੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨਾਂ ਨੇ ਕਾਂਗਰਸ ਤੋਂ ਕੁਝ ਮੰਗਿਆ ਹੈ, ਉਨ੍ਹਾਂ ਨੂੰ ਦਿੱਤਾ ਗਿਆ ਹੈ। ਭਾਵੇਂ ਕਰਜ਼ਾ ਮੁਆਫੀ ਹੋਵੇ ਜਾਂ ਐੱਮ. ਐੱਸ. ਪੀ., ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ।

ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਮੰਨਣ ਦਾ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।

ਪੰਜਾਬ ਦੇ ਕਿਸਾਨਾਂ ਨੇ ਮੰਗਲਵਾਰ ਨੂੰ ‘ਦਿੱਲੀ ਕੂਚ’ ਮਾਰਚ ਸ਼ੁਰੂ ਕੀਤਾ ਸੀ ਪਰ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਰੋਕ ਦਿੱਤਾ ਸੀ। ਉਦੋਂ ਤੋਂ ਹੀ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡੇਰੇ ਲਾਏ ਹੋਏ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਅੰਦੋਲਨ ਦਾ ਚੌਥਾ ਦਿਨ ਹੈ। ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਸ ’ਤੇ ਰੱਖਿਆ ਬਜਟ ਦਾ ਵੱਡਾ ਹਿੱਸਾ ਉਦਯੋਗਪਤੀ ਗੌਤਮ ਅਡਾਨੀ ਦੀ ਜੇਬ ’ਚ ਪਾਉਣ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਮੌਜੂਦਾ ਸਮੇਂ ’ਚ ਕੇਂਦਰ ਦਾ ਰੱਖਿਆ ਬਜਟ ‘ਜਵਾਨਾਂ’ ਦੀ ਭਲਾਈ ਲਈ ਨਹੀਂ ਹੈ। ਸਾਰੇ ਰੱਖਿਆ ਠੇਕੇ ਅਡਾਨੀ ਗਰੁੱਪ ਨੂੰ ਹੀ ਜਾ ਰਹੇ ਹਨ। ਅਸਲ ’ਚ, ਕੇਂਦਰ ਸਰਕਾਰ ਰੱਖਿਆ ਬਜਟ ਦੇ ਫੰਡ ਦਾ ਵੱਡਾ ਹਿੱਸਾ ਉਦਯੋਗਪਤੀ ਗੌਤਮ ਅਡਾਨੀ ਦੀ ਜੇਬ ’ਚ ਪਾ ਰਹੀ ਹੈ। ਗਾਂਧੀ ਨੇ ਕਿਹਾ ਕਿ ਕੇਂਦਰ ਨੇ ਫੌਜਾਂ ਲਈ ਜੋ ਕੁਝ ਵੀ ਖਰੀਦਿਆ... ਹੈਲੀਕਾਪਟਰ, ਫੌਜੀ ਜਹਾਜ਼, ਤੋਪਾਂ, ਕਾਰਤੂਸ, ਰਾਈਫਲਾਂ ਅਤੇ ਸਾਰੇ ਆਧੁਨਿਕ ਹਥਿਆਰ, ਅਡਾਨੀ ਗਰੁੱਪ ਦੀ ਮਾਲਕੀ ਵਾਲੀ ਕੰਪਨੀ ਤੋਂ ਹੀ ਖਰੀਦਿਆ। ਤੁਹਾਨੂੰ ਹਰ ਜਗ੍ਹਾ (ਸਾਰੇ ਰੱਖਿਆ ਠੇਕਿਆਂ ’ਚ) ਅਡਾਨੀ ਗਰੁੱਪ ਦਾ ਨਾਮ ਮਿਲੇਗਾ।


author

Rakesh

Content Editor

Related News