ਸਿਆਸੀ ਸਰਗਰਮੀਆਂ ਭਰਿਆ ਰਹੇਗਾ ਹਰਿਆਣਾ ’ਚ ਸਤੰਬਰ ਦਾ ਮਹੀਨਾ!

Friday, Sep 02, 2022 - 12:41 PM (IST)

ਸਿਆਸੀ ਸਰਗਰਮੀਆਂ ਭਰਿਆ ਰਹੇਗਾ ਹਰਿਆਣਾ ’ਚ ਸਤੰਬਰ ਦਾ ਮਹੀਨਾ!

ਨੈਸ਼ਨਲ ਡੈਸਕ- ਹਰਿਆਣਾ ’ਚ ਸਿਆਸਤ ਦੇ ਨਜ਼ਰੀਏ ਤੋਂ ਸਤੰਬਰ ਦਾ ਮਹੀਨਾ ਬਹੁਤ ਰੁਝੇਵਿਆਂ ਭਰਿਆ ਰਹਿਣ ਵਾਲਾ ਹੈ। ਇਸ ਮਹੀਨੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇਖਣ ਨੂੰ ਮਿਲਣਗੀਆਂ, ਉੱਥੇ ਹੀ ਇਸ ਦੇ ਨਾਲ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਸਰਗਰਮੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਮਹੀਨੇ ਜਿੱਥੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਹਰਿਆਣਾ ਵਿਚ ਦਸਤਕ ਦਿੰਦੇ ਹੋਏ ਵੱਡੀ ਰੈਲੀ ਕਰਨਗੇ, ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਦਮਪੁਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਸ ਵਿਧਾਨ ਸਭਾ ਹਲਕੇ ਵਿਚ ਰੈਲੀ ਨੂੰ ਸੰਬੋਧਨ ਕਰਨਗੇ।

ਇਸ ਤੋਂ ਇਲਾਵਾ ਸਵ. ਚੌਧਰੀ ਦੇਵੀ ਲਾਲ ਦੀ ਜਯੰਤੀ ’ਤੇ ਇਨੈਲੋ ਸੂਬਾ ਪੱਧਰੀ ਰੈਲੀ ਕਰੇਗੀ, ਜਦਕਿ ਜੇ. ਜੇ. ਪੀ. ਵੀ ਆਪਣੀ ਸਹਿਯੋਗੀ ਪਾਰਟੀ ਭਾਜਪਾ ਨਾਲ ਮਿਲ ਕੇ ਤਾਊ ਦੀ ਜਯੰਤੀ ’ਤੇ ਕੋਈ ਵੱਡਾ ਪ੍ਰੋਗਰਾਮ ਕਰ ਸਕਦੀ ਹੈ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੀ ਇਸੇ ਮਹੀਨੇ ਦਿੱਲੀ ’ਚ ਵੱਡੀ ਰੈਲੀ ਕਰਨ ਵਾਲੀ ਹੈ।

ਕਾਂਗਰਸ ਦੀ ਹੱਲਾ-ਬੋਲ ਰੈਲੀ, ਹੁੱਡਾ ਸਮੇਤ ਕਈ ਨੇਤਾਵਾਂ ਨੇ ਲਾਇਆ ਜ਼ੋਰ

ਕਾਂਗਰਸ ਮਹਿੰਗਾਈ ਖਿਲਾਫ 4 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਹੱਲਾ-ਬੋਲ ਰੈਲੀ ਕਰਨ ਜਾ ਰਹੀ ਹੈ। ਇਹ ਰੈਲੀ ਬੇਸ਼ੱਕ ਦਿੱਲੀ ਵਿਚ ਹੈ ਪਰ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਵਿਚ ਕਾਂਗਰਸੀ ਨੇਤਾਵਾਂ ਨੇ ਇਸ ਰੈਲੀ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਚੌਧਰੀ ਭੁਪਿੰਦਰ ਹੁੱਡਾ ਰੈਲੀ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ 2 ਵਾਰ ਮੀਟਿੰਗ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹੁੱਡਾ ਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਦੀਪੇਂਦਰ ਹੁੱਡਾ ਸੂਬੇ ਭਰ ਵਿਚ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ। ਤੋਸ਼ਾਮ ਦੀ ਵਿਧਾਇਕ ਕਿਰਨ ਚੌਧਰੀ, ਕਾਂਗਰਸ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਵੀ ਇਸ ਰੈਲੀ ਨੂੰ ਲੈ ਕੇ ਸੂਬੇ ਭਰ ਵਿਚ ਲਗਾਤਾਰ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਨੇਤਾ ਵੀ ਰੈਲੀ ਵਿਚ ਭੀੜ ਜੁਟਾਉਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕਰ ਰਹੇ ਹਨ।

ਨੱਢਾ 2 ਦਿਨ ਹਰਿਆਣਾ ’ਚ ਰਹਿਣਗੇ, ਕਈ ਪ੍ਰੋਗਰਾਮਾਂ ’ਚ ਹੋਣਗੇ ਸ਼ਾਮਲ

ਜੇ.ਪੀ. ਨੱਢਾ 2 ਤੋਂ 3 ਸਤੰਬਰ ਤਕ ਹਰਿਆਣਾ ’ਚ ਰਹਿਣਗੇ। ਇਨ੍ਹਾਂ 2 ਦਿਨਾਂ ਦੌਰਾਨ ਉਹ ਵਰਕਰਾਂ ਨਾਲ ਗੱਲਬਾਤ ਕਰਨਗੇ। ਇਸ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ. ਧਨਖੜ ਸਮੇਤ ਪਾਰਟੀ ਦੇ ਕਈ ਵੱਡੇ ਨੇਤਾ ਵੀ ਸ਼ਮੂਲੀਅਤ ਕਰਨਗੇ। ਨੱਢਾ ਭਾਜਪਾ ਦੇ ਅਹੁਦੇਦਾਰਾਂ ਦੀ ਬੈਠਕ ਤੋਂ ਇਲਾਵਾ ਕਈ ਹੋਰ ਪ੍ਰੋਗਰਾਮਾਂ ’ਚ ਵੀ ਹਿੱਸਾ ਲੈਣਗੇ। 2 ਸਤੰਬਰ ਨੂੰ ਨੱਢਾ ਕੈਥਲ ’ਚ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਮੰਨਿਆ ਜਾ ਰਿਹਾ ਹੈ ਕਿ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਅਤੇ ਪਾਰਟੀ ਹਰਿਆਣਾ ਵੱਲ ਵੀ ਖਾਸ ਫੋਕਸ ਕਰ ਰਹੀ ਹੈ।

ਆਪਣੇ ਇਸ 2 ਦਿਨਾ ਪ੍ਰਵਾਸ ਦੌਰਾਨ ਨੱਢਾ ਪੰਚਕੂਲਾ ’ਚ ਸਥਿਤ ਪਾਰਟੀ ਹੈੱਡਕੁਆਰਟਰ ’ਚ ਭਾਜਪਾ ਕੋਰ ਗਰੁੱਪ ਦੀ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਭਾਜਪਾ-ਜਜਪਾ ਗਠਜੋੜ ਦੇ ਨੇਤਾਵਾਂ ਨਾਲ ਵੀ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨਗੇ। ਨੱਢਾ 3 ਸਤੰਬਰ ਨੂੰ ਦੁਪਹਿਰ 12 ਵਜੇ ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਣਗੇ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਹਰਿਆਣਾ ’ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਨੇਤਾਵਾਂ ਨਾਲ ਵੀ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਉੱਧਰ ਚੌਧਰੀ ਦੇਵੀ ਲਾਲ ਦੀ ਜਯੰਤੀ ’ਤੇ ਜਜਪਾ ਵੱਲੋਂ ਵੀ ਸੂਬਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਪਾਰਟੀ ਦੇ ਕੌਮੀ ਪ੍ਰਧਾਨ ਡਾ.ਅਜੇ ਚੌਟਾਲਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੌਧਰੀ ਦੇਵੀ ਲਾਲ ਦਾ ਜਯੰਤੀ ਸਮਾਗਮ ਭਾਜਪਾ ਤੇ ਜਜਪਾ ਮਿਲ ਕੇ ਮਨਾਉਣ। ਜਲਦੀ ਹੀ ਇਸ ਸਬੰਧੀ ਕੋਈ ਫੈਸਲਾ ਲੈ ਕੇ ਰੋਡਮੈਪ ਤਿਆਰ ਕੀਤਾ ਜਾਵੇਗਾ।

‘ਆਪ’ ਪਹਿਲੀ ਵਾਰ ਆਦਮਪੁਰ ’ਚ ਕਰੇਗੀ ਰੈਲੀ

ਪੰਚਾਇਤੀ ਚੋਣਾਂ ਅਤੇ ਆਦਮਪੁਰ ’ਚ ਪ੍ਰਸਤਾਵਿਤ ਉਪ-ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਪੂਰੀ ਤਾਕਤ ਦਿਖਾਉਣ ਲਈ ਤਿਆਰ ਹੈ। ਇਸੇ ਸਿਲਸਿਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 7 ਤੇ 8 ਸਤੰਬਰ ਨੂੰ 2 ਦਿਨ ਹਰਿਆਣਾ ’ਚ ਰਹਿਣਗੇ। ‘ਆਪ’ ਨੇਤਾ ਅਸ਼ੋਕ ਤੰਵਰ ਅਨੁਸਾਰ 8 ਸਤੰਬਰ ਨੂੰ ਆਦਮਪੁਰ ’ਚ ਆਮ ਆਦਮੀ ਪਾਰਟੀ ਦੀ ਰੈਲੀ ਰੱਖੀ ਗਈ ਹੈ। ਇਸ ਵਿਚ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੇ ਨੇਤਾ ਸ਼ਮੂਲੀਅਤ ਕਰਨਗੇ। ਲੰਮੇ ਵਕਫ਼ੇ ਤੋਂ ਬਾਅਦ ‘ਆਪ’ ਪੂਰੇ ਜੋਸ਼ ਨਾਲ ਹਰਿਆਣਾ ’ਚ ਸਿਆਸੀ ਸਰਗਰਮੀ ਵਧਾ ਰਹੀ ਹੈ।

ਮੂਲ ਤੌਰ ’ਤੇ ਹਿਸਾਰ ਦੇ ਸਿਵਾਨੀ ਦੇ ਰਹਿਣ ਵਾਲੇ ਅਰਵਿੰਦ ਕੇਜਰੀਵਾਲ ਨੇ ਸਾਲ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਈ ਸੀ। ਇਸ ਦੇ ਨਾਲ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ 90 ’ਚੋਂ 70 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਉਸ ਨੂੰ ਸਫਲਤਾ ਨਹੀਂ ਮਿਲੀ ਸੀ। ਸਾਲ ਦੇ ਸ਼ੁਰੂ ਵਿਚ ਪੰਜਾਬ ਵਿਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਤੋਂ ਬਾਅਦ ਹੁਣ ਕੇਜਰੀਵਾਲ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਤੋਂ ਇਲਾਵਾ ਹਰਿਆਣਾ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਹਰਿਆਣਾ ’ਚ ਆਪਣੇ 2 ਦਿਨਾ ਪ੍ਰਵਾਸ ਦੌਰਾਨ ਉਹ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ।

25 ਨੂੰ ਫਤਿਹਾਬਾਦ ’ਚ ਰੈਲੀ ਕਰੇਗੀ ਇਨੈਲੋ

ਇਸ ਵਾਰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਚੌਧਰੀ ਦੇਵੀ ਲਾਲ ਦੀ ਜਯੰਤੀ ’ਤੇ 25 ਸਤੰਬਰ ਨੂੰ ਫਤਿਹਾਬਾਦ ’ਚ ਸਨਮਾਨ ਦਿਵਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਲੰਮੇ ਵਕਫ਼ੇ ਤੋਂ ਬਾਅਦ ਇਨੈਲੋ ਦੀ ਰੈਲੀ ਉਨ੍ਹਾਂ ਦੇ ਗ੍ਰਹਿ ਜ਼ਿਲੇ ਵਿਚ ਹੋਣ ਜਾ ਰਹੀ ਹੈ। ਫਤਿਹਾਬਾਦ ਸਿਰਸਾ ਸੰਸਦੀ ਹਲਕੇ ਦਾ ਹਿੱਸਾ ਹੈ ਅਤੇ ਇਸ ਦੇ ਗ੍ਰਹਿ ਹਲਕੇ ਸਿਰਸਾ ਵਾਂਗ ਫਤਿਹਾਬਾਦ ਵਿਚ ਵੀ ਇਨੈਲੋ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਇਨੈਲੋ ਸੁਪਰੀਮੋ ਓਮਪ੍ਰਕਾਸ਼ ਚੌਟਾਲਾ ਲਗਾਤਾਰ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ। ਇਸ ਤੋਂ ਇਲਾਵਾ ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਦੇ ਵਿਧਾਇਕ ਅਭੇ ਚੌਟਾਲਾ ਵੀ ਸੂਬੇ ਭਰ ’ਚ ਰੈਲੀਆਂ ਕਰ ਰਹੇ ਹਨ, ਜਦਕਿ ਇਸੇ ਸਿਲਸਿਲੇ ’ਚ ਅਭੇ ਚੌਟਾਲਾ ਨੇ ਪਿਛਲੇ ਦਿਨੀਂ ਐੱਨ.ਸੀ.ਪੀ. ਦੇ ਨੇਤਾ ਸ਼ਰਦ ਪਵਾਰ ਅਤੇ ਸਾਬਕਾ ਮੰਤਰੀ ਪ੍ਰਫੁੱਲ ਪਟੇਲ ਨਾਲ ਮੁਲਾਕਾਤ ਕੀਤੀ ਸੀ। ਸੰਭਾਵਨਾ ਹੈ ਕਿ ਇਨੈਲੋ ਦੀ ਫਤਿਹਾਬਾਦ ਰੈਲੀ ਵਿਚ ਉਕਤ ਨੇਤਾਵਾਂ ਤੋਂ ਇਲਾਵਾ ਕਈ ਹੋਰ ਕੌਮੀ ਆਗੂ ਨੇਤਾ ਵੀ ਸ਼ਾਮਲ ਹੋ ਸਕਦੇ ਹਨ।

ਪੰਚਾਇਤੀ ਚੋਣਾਂ ਨੂੰ ਲੈ ਕੇ ਰਹੇਗੀ ਗਹਿਮਾ-ਗਹਿਮੀ

ਪੰਚਾਇਤੀ ਰਾਜ ਚੋਣਾਂ ਸਬੰਧੀ ਨੋਟੀਫਿਕੇਸ਼ਨ ਹੁਣ ਸਤੰਬਰ ਵਿਚ ਹੀ ਕਿਸੇ ਵੀ ਦਿਨ ਜਾਰੀ ਹੋ ਸਕਦਾ ਹੈ। ਇਸ ਸਬੰਧੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੇ ਰਾਖਵੇਂਕਰਨ ਸਬੰਧੀ ਆਪਣੀ ਰਿਪੋਰਟ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਨੂੰ ਬੁੱਧਵਾਰ ਨੂੰ ਕੈਬਨਿਟ ’ਚ ਮਨਜ਼ੂਰੀ ਦਿੱਤੀ ਗਈ ਸੀ।ਸੂਬਾ ਚੋਣ ਕਮਿਸ਼ਨਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਚਾਇਤੀ ਚੋਣਾਂ ਦਾ ਸ਼ਡਿਊਲ ਅਗਲੇ ਇਕ ਹਫ਼ਤੇ ਵਿਚ ਜਾਰੀ ਕਰ ਦਿੱਤਾ ਜਾਵੇਗਾ। ਸੂਬੇ ’ਚ 6228 ਸਰਪੰਚ, 411 ਜ਼ਿਲਾ ਪ੍ਰੀਸ਼ਦ ਮੈਂਬਰਾਂ, 62 ਹਜ਼ਾਰ ਪੰਚਾਇਤ ਮੈਂਬਰਾਂ ਅਤੇ 3080 ਬਲਾਕ ਸਮਿਤੀ ਮੈਂਬਰਾਂ ਲਈ ਚੋਣਾਂ ਕਰਵਾਈਆਂ ਜਾਣੀਆਂ ਹਨ।


author

Tanu

Content Editor

Related News