ਅੱਤਵਾਦੀ ਦੇ ਰਹੇ ਹਨ ਮਦਰੱਸਿਆਂ ਨੂੰ ਪੈਸੇ : ਵਸੀਮ ਰਿਜ਼ਵੀ

01/10/2018 9:20:51 AM

ਲਖਨਊ - ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ ਬੋਰਡ ਦੇ ਪ੍ਰਧਾਨ ਵਸੀਮ ਰਿਜ਼ਵੀ ਨੇ ਮਦਰੱਸਿਆਂ ਨੂੰ ਖਤਮ ਕਰਨ ਦੀ ਪੈਰਵੀ ਕੀਤੀ ਹੈ। ਰਿਜ਼ਵੀ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਮਾਂ ਆ ਗਿਆ ਹੈ ਕਿ ਮਦਰੱਸਿਆਂ ਦੀ ਸਿੱਖਿਆ ਨੂੰ ਮੁੱਖ ਧਾਰਾ ਨਾਲ ਜੋੜਿਆ ਜਾਵੇ।
ਰਿਜ਼ਵੀ ਨੇ ਚਿੱਠੀ ਵਿਚ ਲਿਖਿਆ ਹੈ ਕਿ ਕੁਝ ਸੰਗਠਨ ਅਤੇ ਕੱਟੜ ਮੁਸਲਮਾਨ ਬੱਚਿਆਂ ਨੂੰ ਸਿਰਫ ਮਦਰੱਸਿਆਂ ਦੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਮ ਸਿੱਖਿਆ ਦੀ ਮੁੱਖ ਧਾਰਾ ਤੋਂ ਦੂਰ ਕਰ ਰਹੇ ਹਨ। ਮਦਰੱਸਿਆਂ 'ਚ ਜੋ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ, ਉਨ੍ਹਾਂ ਦੀ ਸਿੱਖਿਆ ਦਾ ਪੱਧਰ ਬੜਾ ਨੀਵਾਂ ਹੈ। ਅਜਿਹੇ ਬੱਚੇ ਸਰਵ ਸਮਾਜ ਤੋਂ ਦੂਰ ਹੋ ਕੇ ਕੱਟੜਪੁਣੇ ਵੱਲ ਜਾ ਰਹੇ ਹਨ। ਅਜਿਹੇ ਵਿਚ ਮਦਰੱਸਿਆਂ ਨੂੰ ਖਤਮ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਆਮ ਸਿੱਖਿਆ ਨੀਤੀ ਬਣਾਈ ਜਾਵੇ।  ਰਿਜ਼ਵੀ ਨੇ ਚਿੱਠੀ 'ਚ ਸਵਾਲ ਕੀਤਾ ਹੈ ਕਿ ਕਿੰਨੇ ਮਦਰੱਸਿਆਂ ਨੇ ਡਾਕਟਰ, ਇੰਜੀਨੀਅਰ ਅਤੇ ਆਈ. ਏ. ਐੱਸ. ਅਫਸਰ ਪੈਦਾ ਕੀਤੇ ਹਨ? ਪਰ ਕੁਝ ਮਦਰੱਸਿਆਂ ਨੇ ਅੱਤਵਾਦੀ ਜ਼ਰੂਰ ਪੈਦਾ ਕੀਤੇ ਹਨ।  ਵਸੀਮ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਮਦਰੱਸਿਆਂ ਤੋਂ ਸਿੱਖਿਅਤ ਨੌਜਵਾਨ ਰੋਜ਼ਗਾਰ ਦੇ ਮੋਰਚੇ 'ਤੇ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਦੀਆਂ ਡਿਗਰੀਆਂ ਹਰ ਥਾਂ 'ਤੇ ਮੰਨਣਯੋਗ ਨਹੀਂ ਹੁੰਦੀਆਂ। ਖਾਸ ਕਰ ਕੇ ਨਿੱਜੀ ਖੇਤਰ 'ਚ ਜੋ ਰੋਜ਼ਗਾਰ ਹੈ, ਉਥੇ ਮਦਰੱਸਿਆਂ ਦੀ ਸਿੱਖਿਆ ਦੀ ਕੋਈ ਭੂਮਿਕਾ ਨਹੀਂ ਹੁੰਦੀ। ਅਜਿਹੇ 'ਚ ਪੂਰਾ ਭਾਈਚਾਰਾ ਸਮਾਜ ਲਈ ਹਾਨੀਕਾਰਕ ਹੋ ਜਾਂਦਾ ਹੈ। ਵਸੀਮ ਰਿਜ਼ਵੀ ਨੇ ਇਸ ਚਿੱਠੀ ਵਿਚ 27 ਬਿੰਦੂ ਦਿੱਤੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਮਦਰੱਸੇ 'ਜਕਾਤ' (ਦਾਨ) ਦੇ ਪੈਸਿਆਂ ਨਾਲ ਚੱਲ ਰਹੇ ਹਨ, ਜੋ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਆ ਰਹੇ ਹਨ।  ਕੁਝ ਅੱਤਵਾਦੀ ਸੰਗਠਨ ਨਾਜਾਇਜ਼ ਤੌਰ 'ਤੇ ਚੱਲ ਰਹੇ ਮਦਰੱਸਿਆਂ ਨੂੰ ਪੈਸੇ ਦੇ ਰਹੇ ਹਨ। ਮੁਸਲਿਮ ਇਲਾਕਿਆਂ 'ਚ ਵਧੇਰੇ ਮਦਰੱਸੇ ਸਾਊਦੀ ਅਰਬ ਵੱਲੋਂ ਭੇਜੇ ਪੈਸਿਆਂ ਨਾਲ ਚੱਲ ਰਹੇ ਹਨ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।


Related News